ਪੰਜਾਬ ‘ਚ ਕੈਂਸਰ ਨਾਲ ਲੜਨ ਲਈ ਨਵੀਂ ਰਣਨੀਤੀ ਤਿਆਰ, BARC ਧਰਤੀ ਹੇਠਲੇ ਪਾਣੀ ਦੀ ਕਰੇਗਾ ਜਾਂਚ, HC ਨੂੰ ਦਿੱਤੀ ਜਾਵੇਗੀ ਰਿਪੋਰਟ

0
2122

ਚੰਡੀਗੜ੍ਹ, 7 ਫਰਵਰੀ| ਪੰਜਾਬ ਵਿਚ ਕੈਂਸਰ ਦੀ ਬਿਮਾਰੀ ਵੱਡੇ ਪੱਧਰ ਉਤੇ ਆਪਣੇ ਪੈਰ ਪਸਾਰ ਚੁੱਕੀ ਹੈ। ਬਠਿੰਡਾ ਤੋਂ ਬੀਕਾਨੇਰ ਜਾਣ ਵਾਲੀ ਇਕ ਟਰੇਨ ਦਾ ਤਾਂ ਨਾਂ ਹੀ ਕੈਂਸਰ ਟਰੇਨ ਪੈ ਗਿਆ ਹੈ। ਕੈਂਸਰ ਨੇ ਪੰਜਾਬ ਦੇ ਬਹੁਤਿਆਂ ਇਲਾਕਿਆਂ ਨੂੰ ਝੰਬ ਕੇ ਰੱਖ ਦਿੱਤਾ ਹੈ।

ਪੰਜਾਬ ‘ਚ ਕੈਂਸਰ ਨੂੰ ਮਾਤ ਦੇਣ ਲਈ ਹੁਣ ਨਵੀਂ ਰਣਨੀਤੀ ‘ਤੇ ਕੰਮ ਕੀਤਾ ਜਾਵੇਗਾ। ਮਾਲਵੇ ਦੇ ਨਾਲ ਹੀ ਦੋਆਬਾ ਅਤੇ ਮਾਝਾ ਖੇਤਰ ਵਿੱਚ ਧਰਤੀ ਹੇਠਲੇ ਪਾਣੀ ‘ਚ ਯੂਰੇਨੀਅਮ ਦੀ ਜਾਂਚ ਹੋਵੇਗੀ। ਇਹ ਕੰਮ ਭਾਭਾ ਅਟੋਮਿਕ ਰਿਸਰਚ ਸੈਂਟਰ ਵੱਲੋਂ ਕੀਤਾ ਜਾਵੇਗੀ। ਇਸ ਦੇ ਲਈ BARC ਦੋਹਾਂ ਇਲਾਕਿਆਂ ਦੇ 1-1 ਜ਼ਿਲ੍ਹੇ ਦੀ ਚੋਣ ਕਰੇਗਾ। ਜਿਸ ਤੋਂ ਬਾਅਦ ਜਾਂਚ ਦੀ ਪ੍ਰਕਿਰਿਆ ਸ਼ੂਰੂ ਹੋਵੇਗੀ।

ਇਸ ਜਾਂਚ ‘ਚ ਜੋ ਵੀ ਰਿਜ਼ਲਟ ਆਵੇਗਾ, ਉਸਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ‘ਚ ਸੌਂਪਿਆ ਜਾਵੇਗਾ। ਤੁਹਾਨੂੰ ਦੱਸ ਦੇਈਏ ਕਿ ਪੰਜਾਬ ਸਰਕਾਰ ਵੀ ਕੈਂਸਰ ਨੂੰ ਲੈ ਕੇ ਕਾਫੀ ਗੰਭੀਰ ਹੈ ਅਤੇ ਲੋਕਾਂ ਨੂੰ ਇਸ ਬਿਮਾਰੀ ਤੋਂ ਰਾਹਤ ਦਿਲਾਉਣ ਲਈ ਸਕ੍ਰੀਨਿੰਗ ਕੈਂਪਾਂ ਤੋਂ ਲੈ ਕੇ ਇਲਾਜ ਅਤੇ ਆਰਥਿਕ ਮਦਦ ਤੱਕ ਦੇ ਰਹੀ ਹੈ।

ਇਹ ਮਾਮਲਾ ਸਾਲ 2010 ‘ਚ ਉਸ ਸਮੇਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਪੁੱਜਿਆ ਸੀ, ਜਦੋਂ ਸੂਬੇ ‘ਚ ਕੈਂਸਰ ਨੇ ਦਸਤਕ ਦੇਣੀ ਸ਼ੁਰੂ ਕੀਤੀ ਸੀ। ਉੱਥੇ ਹੀ ਮਾਲਵਾ ਖੇਤਰ ਇਸ ਬੀਮਾਰੀ ਤੋਂ ਸਭ ਤੋਂ ਵੱਧ ਪੀੜਤ ਸੀ। ਇਸ ਤੋਂ ਬਾਅਦ ਹਾਈਕੋਰਟ ਨੇ ਪਾਣੀ ‘ਚ ਯੂਰੇਨੀਅਮ ਦੀ ਜਾਂਚ ਦੇ ਲਈ ਬੀਏਆਰਸੀ ਨੂੰ ਜ਼ੁਿੰਮੇਵਾਰੀ ਸੌਂਪੀ ਸੀ। ਬੀਏਆਰਸੀ ਨੇ 4 ਜ਼ਿਲ੍ਹੇ ਬਠਿੰਡਾ, ਫਿਰੋਜ਼ਪੁਰ, ਫਰੀਦਕੋਟ ਅਤੇ ਮਾਨਸਾ ‘ਚੋਂ 1500 ਸੈਂਪਲ ਲਏ ਸਨ।