ਤਰਨਤਾਰਨ ‘ਚ ਪਤਨੀ ਨਾਲ ਨਾਜਾਇਜ਼ ਸਬੰਧਾਂ ਦੇ ਸ਼ੱਕ ’ਚ ਭਤੀਜੇ ਨੇ ਚਾਚਾ ਕੁਹਾੜੇ ਨਾਲ ਵੱਢਿਆ

0
1937

ਤਰਨਤਾਰਨ/ਦਿਆਲਪੁਰਾ | ਇਥੋਂ ਇਕ ਖੌਫਨਾਕ ਘਟਨਾ ਸਾਹਮਣੇ ਆਈ ਹੈ। ਪਿੰਡ ਘੁਰਕਵਿੰਡ ਵਿਖੇ ਪਤਨੀ ਨਾਲ ਨਾਜਾਇਜ਼ ਸਬੰਧਾਂ ਦੇ ਸ਼ੱਕ ’ਚ ਇਕ ਵਿਅਕਤੀ ਨੇ ਆਪਣੇ ਚਾਚੇ ਦਾ ਕੁਹਾੜੀ ਮਾਰ ਕੇ ਕਤਲ ਕਰ ਦਿੱਤਾ। ਮ੍ਰਿਤਕ ਸੁਖਪਾਲ ਸਿੰਘ ਉਰਫ ਪਾਲੂ ਦੀ ਪਤਨੀ ਬੇਅੰਤ ਕੌਰ ਨੇ ਦੱਸਿਆ ਕਿ ਉਸ ਦਾ ਪਤੀ ਪਿੰਡ ਦੇ ਅੱਡੇ ਉੱਪਰ ਟਾਇਰਾਂ ਨੂੰ ਪੰਕਚਰ ਲਗਾਉਣ ਦੀ ਦੁਕਾਨ ਕਰਦਾ ਸੀ। ਉਸ ਦੇ ਜੇਠ ਗੁਰਨਾਮ ਸਿੰਘ ਦਾ ਲੜਕਾ ਗੁਰਪ੍ਰਤਾਪ ਸਿੰਘ ਆਪਣੀ ਪਤਨੀ ਨਾਲ ਉਸ ਦੇ ਪਤੀ ਦੇ ਨਾਜਾਇਜ਼ ਸਬੰਧ ਹੋਣ ਦਾ ਸ਼ੱਕ ਕਰਦਾ ਸੀ ਤੇ ਕੁਝ ਦਿਨ ਪਹਿਲਾਂ ਮਾਮੂਲੀ ਤਕਰਾਰ ਵੀ ਹੋਇਆ।

ਇਸ ਝਗੜੇ ਦਾ ਪਿੰਡ ਦੇ ਮੋਹਤਬਰਾਂ ਨੇ ਰਾਜ਼ੀਨਾਮਾ ਕਰਵਾ ਦਿੱਤਾ ਸੀ, ਜਿਸ ਤੋਂ ਬਾਅਦ ਵੀ ਗੁਰਪ੍ਰਤਾਪ ਸਿੰਘ ਉਸ ਦੇ ਪਤੀ ਨਾਲ ਰੰਜਿਸ਼ ਰੱਖਦਾ ਸੀ। ਮੰਗਲਵਾਰ ਨੂੰ ਉਸ ਦਾ ਪਤੀ ਜਦੋਂ ਆਪਣੀ ਦੁਕਾਨ ’ਤੇ ਟਰਾਲੀ ਦੇ ਟਾਇਰ ਨੂੰ ਪੰਕਚਰ ਲਗਾ ਰਿਹਾ ਸੀ ਤਾਂ ਮੋਟਰਸਾਈਕਲ ’ਤੇ ਆਏ ਗੁਰਪ੍ਰਤਾਪ ਸਿੰਘ ਨੇ ਉਸ ਦੇੇ ਪਤੀ ਉੱਪਰ ਕੁਹਾੜੀ ਨਾਲ ਹਮਲਾ ਕਰ ਦਿੱਤਾ ਤੇ ਫਰਾਰ ਹੋ ਗਿਆ। ਉਹ ਪਤੀ ਨੂੰ ਸਿਵਲ ਹਸਪਤਾਲ ਲੈ ਕੇ ਗਈ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਥਾਣਾ ਕੱਚਾ ਪੱਕਾ ਦੇ ਮੁਖੀ ਮੁਖਵਿੰਦਰ ਸਿੰਘ ਨੇ ਕਿਹਾ ਕਿ ਗੁਰਪ੍ਰਤਾਪ ਸਿੰਘ ਨੂੰ ਨਾਮਜ਼ਦ ਕਰ ਲਿਆ ਗਿਆ ਹੈ, ਜਿਸ ਦੀ ਗ੍ਰਿਫਤਾਰੀ ਲਈ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਹੈ। ਥਾਣਾ ਕੱਚਾ ਪੱਕਾ ਦੀ ਪੁਲਿਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਭਤੀਜੇ ਵਿਰੁੱਧ ਕੇਸ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।