ਲੁਧਿਆਣਾ| ਹਵਸ ਵਿਚ ਅੰਨ੍ਹਾਂ ਹੋਇਆ ਗੁਆਂਢੀ ਨੇ ਸਕੂਲ ਜਾਂਦੇ ਸਮੇਂ 13 ਸਾਲ ਦੀ ਵਿਦਿਆਰਥਣ ਨੂੰ ਜ਼ਬਰਦਸਤੀ ਆਪਣੇ ਘਰ ਅੰਦਰ ਲੈ ਗਿਆ, ਜਿੱਥੇ ਮੁਲਜ਼ਮ ਨੇ ਲੜਕੀ ਦੀ ਆਬਰੂ ਤਾਰ-ਤਾਰ ਕਰ ਦਿੱਤੀ। ਇਸ ਮਾਮਲੇ ਵਿੱਚ ਥਾਣਾ ਕੂੰਮ ਕਲਾਂ ਦੀ ਪੁਲਿਸ ਨੇ ਅਮਨਦੀਪ ਸਿੰਘ ਦੇ ਖ਼ਿਲਾਫ਼ ਜਬਰ ਜਨਾਹ ਅਤੇ ਪੋਕਸੋ ਐਕਟ ਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰਕੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ।
ਥਾਣਾ ਕੂੰਮ ਕਲਾਂ ਦੇ ਅਧੀਨ ਆਉਂਦੇ ਇੱਕ ਇਲਾਕੇ ਦੀ ਰਹਿਣ ਵਾਲੀ ਔਰਤ ਨੇ ਪੁਲਿਸ ਨੂੰ ਜਾਣਕਾਰੀ ਦਿੰਦਿਆਂ ਕਿ ਉਸ ਦੀ ਬੇਟੀ ਨੇੜੇ ਦੇ ਹੀ ਸਕੂਲ ਵਿੱਚ ਨੌਵੀਂ ਜਮਾਤ ਵਿੱਚ ਪੜ੍ਹਦੀ ਹੈ। ਹਰ ਰੋਜ਼ ਸਵੇਰੇ ਸਾਢੇ 7 ਵਜੇ ਦੇ ਕਰੀਬ ਉਹ ਸਕੂਲ ਗਈ। ਕੁਝ ਸਮੇਂ ਬਾਅਦ ਪਰਿਵਾਰਕ ਮੈਂਬਰਾਂ ਨੂੰ ਇਤਲਾਹ ਮਿਲੀ ਕਿ ਲੜਕੀ ਸਕੂਲ ਨਹੀਂ ਪਹੁੰਚੀ ਹੈ। ਪਰਿਵਾਰ ਨੇ ਜਦ ਤਲਾਸ਼ ਸ਼ੁਰੂ ਕੀਤੀ ਤਾਂ ਲੜਕੀ ਮੁਲਜ਼ਮ ਦੀ ਹਿਰਾਸਤ ‘ਚੋਂ ਮਿਲੀ।
ਸ਼ਿਕਾਇਤ ਦਿੰਦਿਆਂ ਲੜਕੀ ਦੀ ਮਾਂ ਨੇ ਦੱਸਿਆ ਕਿ ਬੱਚੀ ਨੂੰ ਪੁੱਛਣ ‘ਤੇ ਪਤਾ ਲੱਗਾ ਕਿ ਸਵੇਰ ਵੇਲੇ ਜਿਵੇਂ ਹੀ ਉਹ ਸਕੂਲ ਜਾਣ ਲਈ ਘਰ ਤੋਂ ਬਾਹਰ ਨਿਕਲੀ ਤਾਂ ਮੁਲਜ਼ਮ ਅਮਨਦੀਪ ਸਿੰਘ ਜ਼ਬਰਦਸਤੀ ਉਸਨੂੰ ਆਪਣੇ ਘਰ ਅੰਦਰ ਲੈ ਗਿਆ ਅਤੇ ਉਸ ਨਾਲ ਬਲਾਤਕਾਰ ਕੀਤਾ।ਇਸ ਮਾਮਲੇ ਵਿੱਚ ਥਾਣਾ ਕੂੰਮ ਕਲਾਂ ਦੇ ਮੁਖੀ ਪਰਮਜੀਤ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਪਾਰਟੀ ਨੇ ਮੁਲਜ਼ਮ ਅਮਨਦੀਪ ਸਿੰਘ ਖਿਲਾਫ਼ ਮੁਕੱਦਮਾ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।