ਨਵਾਂਸ਼ਹਿਰ ਕੋਰੋਨਾ ਮੁਕਤ ਹੋਣ ਦੇ ਨਾਲ-ਨਾਲ ਕੰਨਟੇਨਮੈਂਟ ਜ਼ੋਨ ਤੋਂ ਵੀ ਮੁਕਤ ਹੋਇਆ

0
1002

ਨਵਾਂਸ਼ਹਿਰ/ਬੰਗਾ. ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਲਈ ਸੋਮਵਾਰ ਦੋਹਰੀ ਖੁਸ਼ੀ ਵਾਲਾ ਸਾਬਤ ਹੋਇਆ। ਕੋਵਿਡ ਤੋਂ ਮੁਕਤੀ ਦੇ ਬਾਅਦ ਜ਼ਿਲ੍ਹਾ ਕੰਨਟੇਨਮੈਂਟ ਜ਼ੋਨ ਤੋਂ ਵੀ ਮੁਕਤ ਹੋ ਗਿਆ ਹੈ। ਜ਼ਿਲ੍ਹਾ ਪ੍ਰਸ਼ਾਸਨ ਨੇ ਸ਼ਾਮ ਨੂੰ ਜ਼ਿਲ੍ਹੇ ਦੇ ਪਾਬੰਦੀਆਂ ਅਧੀਨ ਆਖਰੀ ਪਿੰਡ ਗੁਣਾਚੌਰ ਨੂੰ ਵੀ ਪਾਬੰਦੀਆਂ ਤੋਂ ਆਜ਼ਾਦ ਕਰਨ ਦਾ ਐਲਾਨ ਕਰ ਦਿੱਤਾ।

ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਅਨੁਸਾਰ ਗੁਣਾਚੌਰ ’ਚੋਂ ਇੱਕ ਤੋਂ ਬਾਅਦ ਇੱਕ, ਦੋ ਪਾਜ਼ੀਟਿਵ ਕੇਸ ਨਿਕਲ ਆਉਣ ਬਾਅਦ, ਪਿੰਡ ’ਚੋਂ ਬਿਮਾਰੀ ਨੂੰ ਲਾਗਲੇ ਪਿੰਡਾਂ ਤੱਕ ਫੈਲਣ ਤੋਂ ਰੋਕਣ ਲਈ ਇਸ ਨੂੰ ਸੀਲ ਕਰਨਾ ਪਿਆ ਸੀ। ਉਨ੍ਹਾਂ ਦੱਸਿਆ ਕਿ ਹੁਣ ਜਦੋਂ ਬਾਕੀ 23 ਪਿੰਡਾਂ (ਸਮੇਤ ਬੰਗਾ ਦਾ ਸ਼ਕਤੀ ਨਗਰ) ਨੂੰ ਪਾਬੰਦੀਆਂ ਤੋਂ ਮੁਕਤ ਕਰ ਦਿੱਤਾ ਗਿਆ ਸੀ ਤਾਂ ਇਸ ਪਿੰਡ ਤੋਂ ਵੀ ਪਾਬੰਦੀਆਂ ਨੂੰ ਹਟਾਉਣ ਬਾਰੇ ਵਿਚਾਰ ਕੀਤਾ ਗਿਆ, ਪਰੰਤੂ ਸਿਹਤ ਵਿਭਾਗ ਵੱਲੋਂ ਆਪਣੀ ਸਕ੍ਰੀਨਿੰਗ ਮੁਕੰਮਲ ਨਾ ਹੋਣ ਦੀ ਮਜਬੂਰੀ ਦੱਸਦਿਆਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਕੁੱਝ ਦਿਨ ਆਪਣੇ ਫ਼ੈਸਲੇ ਨੂੰ ਅੱਗੇ ਪਾਉਣਾ ਪਿਆ। ਉਨ੍ਹਾਂ ਦੱਸਿਆ ਕਿ ਹੁਣ ਸਿਹਤ ਵਿਭਾਗ ਵੱਲੋਂ ਇਸ ਪਿੰਡ ਨੂੰ ‘ਕੰਨਟੇਨਮੈਂਟ ਜ਼ੋਨ’ ’ਚੋਂ ਮੁਕਤ ਕਰਨ ਦੀ ਸਿਫ਼ਾਰਸ਼ ਕੀਤੇ ਜਾਣ ਬਾਅਦ, ਅੱਜ ਜ਼ਿਲ੍ਹੇ ਦੇ ਇਸ ਆਖਰੀ ਪਿੰਡ ਨੂੰ ਵੀ ਕੰਨਟੇਨਮੈਂਟ ਜ਼ੋਨ ਦੀਆਂ ਪਾਬੰਦੀਆਂ ਦੇ ਘੇਰੇ ਤੋਂ ਬਾਹਰ ਕਰ ਦਿੱਤਾ ਗਿਆ।

ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ’ਚ ਇੱਕ ਸ਼ਹਿਰੀ ਮੁਹੱਲੇ ਸਮੇਤ ਕੁੱਲ 24 ਪਿੰਡਾਂ ਨੂੰ ਕੰਨਟੇਨਮੈਂਟ ਜ਼ੋਨ ਦੀਆਂ ਪਾਬੰਦੀਆਂ ਦੇ ਘੇਰੇ ’ਚ ਲਿਆਉਣਾ ਪਿਆ ਸੀ, ਜਿਨ੍ਹਾਂ ’ਚੋਂ ਪਠਲਾਵਾ ਸਮੇਤ 15 ਪਿੰਡ ਜ਼ਿਲ੍ਹੇ ’ਚ ਪਹਿਲੇ ਪੜਾਅ ’ਚ ਨਿਕਲੇ ਕੇਸਾਂ ਕਾਰਨ ਪਾਬੰਦੀਆਂ ਹੇਠ ਲਿਆਂਦੇ ਗਏ ਸਨ ਜਦਕਿ ਬਾਕੀ ਦੇ 9 ਪਿੰਡ 25 ਅਪਰੈਲ ਨੂੰ ਜ਼ਿਲ੍ਹੇ ’ਚ ਜੰਮੂ ਤੋਂ ਪਰਤੇ ਇੱਕ ਡਰਾਇਵਰ ਦੇ ਪਾਜ਼ਿਟਿਵ ਆਉਣ ਬਾਅਦ ਕੋਵਿਡ ਕੇਸਾਂ ਦੀ ਹੋਰਨੀਂ ਥਾਈਂ ਤੁਰੀ ਅਗਲੀ ਲੜੀ ਤਹਿਤ ਲਿਆਉਣੇ ਪਏ ਸਨ।

ਡੀਸੀ ਅਨੁਸਾਰ ‘ਕੰਨਟੇਨਮੈਂਟ ਜ਼ੋਨ’ ਤਹਿਤ ਕਿਸੇ ਇਲਾਕੇ ਨੂੰ ਲਿਆਉਣ ਦਾ ਮਕਸਦ, ਉਸ ਪਿੰਡ/ਵਾਰਡ ਦੇ ਵਸਨੀਕਾਂ ਦੀ ਗਤੀਵਿਧੀ ਨੂੰ ਉਸੇ ਪਿੰਡ/ਵਾਰਡ ਤੱਕ ਸੀਮਿਤ ਕਰਕੇ, ਇਸ ਬਿਮਾਰੀ ਨੂੰ ਅੱਗੇ ਫੈਲਣ ਤੋਂ ਰੋਕਣਾ ਹੁੰਦਾ ਹੈ, ਜੋ ਕਿ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ’ਚ ਪੂਰੀ ਤਰ੍ਹਾਂ ਕਾਰਗਰ ਤਰੀਕਾ ਰਿਹਾ ਹੈ।

ਉਨ੍ਹਾਂ ਦੱਸਿਆ ਕਿ ਹੁਣ ਸਰਕਾਰ ਤੇ ਸਿਹਤ ਵਿਭਾਗ ਵੱਲੋਂ ਕਿਸੇ ਵੀ ਇਲਾਕੇ ਦੇ ਕੰਨਟੇਨਮੈਂਟ ਜ਼ੋਨ ਤਹਿਤ ਆਉਣ ਦੀਆਂ ਸ਼ਰਤਾਂ ’ਚ ਬਦਲਾਅ ਕੀਤੇ ਜਾਣ ਬਾਅਦ ਜ਼ਿਲ੍ਹੇ ਦੇ ਕੰਨਟੇਨਮੈਂਟ ਜ਼ੋਨ ਤਹਿਤ ਆਏ ਬਾਕੀ ਦੇ ਪਿੰਡਾਂ ਨੂੰ ਵੀ ਮੁਕਤ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਹੁਣ ਘੱਟੋ-ਘੱਟ 15 ਮਾਮਲੇ ਆਉਣ ’ਤੇ ਹੀ ਸਬੰਧਤ ਇਲਾਕੇ ਨੂੰ ਕੰਨਟੇਨਮੈਂਟ ਜ਼ੋਨ ’ਚ ਲਿਆਉਣ ਦੀ ਸੇਧ ਤੈਅ ਕੀਤੀ ਗਈ ਹੈ।

ਡੀਸੀ ਨੇ ਜ਼ਿਲ੍ਹੇ ਦੇ ਕੋਵਿਡ ਮੁਕਤ ਹੋਣ ਦੇ ਨਾਲ ਹੀ ਕੰਨਟੇਨਮੈਂਟ ਜ਼ੋਨ ਮੁਕਤ ਹੋਣ ’ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਜ਼ਿਲ੍ਹੇ ਦੇ ਲੋਕਾਂ ਨੂੰ ਕੋਵਿਡ ਤਹਿਤ ਨਿਰਧਾਰਤ ਪ੍ਰੋਟੋਕਾਲ ਜਿਵੇਂ ਕਿ ਮੂੰਹ ’ਤੇ ਮਾਸਕ, ਹੱਥ ਵਾਰ-ਵਾਰ ਧੋਣੇ ਜਾਂ ਸੈਨੇਟਾਈਜ਼ ਕਰਨੇ, ਸੋਸ਼ਲ ਡਿਸਟੈਂਸਿੰਗ ਰੱਖਣਾ, ਜਨਤਕ ਥਾਂਵਾਂ ’ਤੇ ਬਿਲਕੁਲ ਨਾ ਥੁੱਕਣਾ ਆਦਿ ਦੀ ਪੂਰੀ ਤਰ੍ਹਾਂ ਪਾਲਣਾ ਕਰਨ ਦੀ ਅਪੀਲ ਵੀ ਕੀਤੀ।