-ਨਿੰਦਰ ਘੁਗਿਆਣਵੀ
ਰੁੱਖ ਪੁੱਟੇ। ਖੰਭੇ ਸੁੱਟੇ। ਪੰਛੀ ਉੱਡੇ। ਵੇਲਾਂ ਵੱਲਾਂ ਲੁੜਕੀਆਂ। ਨਿੰਬੂ ਦੇ ਬੂਟੇ ਚੋਂ ਆਲਣਾ ਉਡਾਇਆ, ਸਣੇ ਬੋਟਾਂ ਚਿੜੀ ਨਾ ਲੱਭੀ। ਮੂੰਹ ਵਲੇਟ,ਤੰਗਲੀ ਫੜੀ, ਕਣਕ ਦੇ ਨਾੜ ਸਾੜਦਾ ਕਿਸਾਨ ਮੋਟਰ ਦੀ ਕੋਠੜੀ ਵੰਨੀਂ ਭੱਜਿਆ। ਬੱਦਲ ਗੱਜਿਆ। ਟਟੀਰੀ ਕੁਰਲਾਵੇ। ਟੁੱਟੀ ਸੜਕ ਉਤੇ ਲਿਫ ਲਿਫ ਜਾਂਦੇ
ਸਫੈਦਿਆਂ ਦੀ ਸਾਂ ਸਾਂ ਸਹਿਮ ਪਈ ਪਾਵੇ।
ਕਿਣ ਮਿਣ ਕਿਣ ਮਿਣ।
ਮੋਟੀਆਂ ਕਣੀਆਂ। ਧੂੜ ਜਮਾਈ। ਸਾਲਾਂ ਪਿਛੋਂ ਸਤਰੰਗੀ ਪੀਂਘ ਨੇ ਅਲਖ ਜਗਾਈ।
ਹਰ ਕੋਈ ਇਕ ਦੂਜੇ ਨੂੰ ਆਖੇ, ਲੌਕ ਡਾਊਨ ਨੇ ਵਾਤਾਵਰਣ ਧੋਤਾ, ਤਦੇ ਹੀ ਏਹ ਪੀਂਘ ਦਿਸੀ ਹੈ। ਕਰੋਨਾ ਦੇ ਮਾੜੇ ਚੰਗੇ ਪੱਖਾਂ ਦੇ ਘਾਟੇ ਵਾਧੇ ਗਿਣਾਉਂਦੇ, ਮੂੰਹਾਂ ਉਤੇ ਕੱਪੜੇ ਲਪੇਟੀ ਬੰਦੇ, ਗਲੀਆਂ ‘ਚ ਖਲੋ
ਕਨਸੋਆਂ ਲੈਂਦੇ ਵੰਨ ਸੁਵੰਨੀਆਂ। ਪੁਲੀਸ ਦੀ ਗੱਡੀ ਦੇ ਹੂਟਰ ਤੋਂ ਡਰਦੇ,ਅਣ ਮੰਨਿਆਂ ਹੁੰਗਾਰਾ ਜਿਹਾ ਭਰਦੇ। ਮੌਸਮ ਸਾਫ ਹੋਣ ਦੇ ਕਿਆਫੇ ਲਾਉਂਦੇ। ਗੁਰੂ ਘਰ ਬਾਬੇ ਰਹਿਰਾਸ ਦਾ ਪਾਠ ਹੈ ਛੋਹਿਆ। ਨਿੰਬੂ ਦੇ ਬੂਟੇ ਲਾਗੇ ਚਿੜੀ ਚਹਿਕਦੀ,ਬੋਟ ਭਾਲਦੀ!
ਕਿਹੋ ਜਿਹੇ ਦਿਨ ਹਨ। ਸਮਝੋਂ ਬਾਹਰੇ। ਕੁਦਰਤੇ ਤੇਰੇ ਵਾਰੇ ਨਿਆਰੇ!
(ਲੇਖਕ ਨਾਲ 9417421700 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।)