ਮੇਰੀ ਡਾਇਰੀ ਦੇ ਪੰਨੇ – ਰੁੱਸਣਾ

0
3199

-ਨਰਿੰਦਰ ਸਿੰਘ ਕਪੂਰ

ਰੁੱਸਣਾ ਕਿਸੇ ਸਥਿਤੀ ਜਾਂ ਵਿਅਕਤੀ ਪ੍ਰਤੀ ਬੇਮੁਖਤਾ ਦਾ ਪ੍ਰਗਟਾਵਾ ਹੁੰਦਾ ਹੈ।

ਹਰ ਇਕ ਵਿਅਕਤੀ ਜੀਵਨ ਵਿਚ ਅਨੇਕਾਂ ਵਾਰੀ ਰੁੱਸਦਾ ਹੈ। ਕਈ ਰੋਸੇ ਅਜਿਹੇ ਹੁੰਦੇ ਹਨ ਜਿਨ੍ਹਾਂ ਵਿਚ ਅਸੀਂ ਚੁੱਪ ਗੜੁੱਪ

ਹੋ ਜਾਂਦੇ ਹਾਂ ਤੇ ਅੰਦਰੋਂ ਅੰਦਰ ਧੁਖਦੇ ਰਹਿੰਦੇ ਹਾਂ ਅਤੇ ਕਈ ਰੋਸੇ ਅਜਿਹੇ ਹੁੰਦੇ ਹਨ ਜਿਨ੍ਹਾਂ ਕਾਰਨ ਅਸੀਂ ਹਰ ਵੇਲੇ ਆਪਣੇ ਨਾਲ ਹੋਈ ਵਧੀਕੀ ਦੀ ਕਹਾਣੀ ਦੂਜਿਆਂ ਨੂੰ ਸੁਣਾਉਂਦੇ ਰਹਿੰਦੇ ਹਾਂ।

ਰੁੱਸਣਾ ਪਿਆਰ ਦੇ ਖੇਤਰ ਵਿਚਲਾ ਇਕ ਸਧਾਰਣ ਅਤੇ ਸਰਵ-ਵਿਆਪਕ ਅਨੁਭਵ ਹੈ।

ਮਨੁੱਖੀ ਸ਼ਖਸੀਅਤ ਵਿਚ ਰੁੱਸਣ ਦਾ ਵਿਸ਼ੇਸ਼ ਮਹੱਤਵ ਹੈ ਅਤੇ ਸ਼ਖਸੀਅਤ ਨੂੰ ਢਾਲਣ ਵਿਚ ਇਸ ਦਾ ਮਹੱਤਵ-ਪੂਰਨ ਰੋਲ ਹੁੰਦਾ ਹੈ।

ਕਲਾਕਾਰ, ਸਾਹਿਤਕਾਰ (ਵਿਸ਼ੇਸ਼ ਕਰਕੇ ਕਵੀ), ਸਮਾਜ ਸੁਧਾਰਕ ਆਦਿ ਸਮਾਜ ਵਿਚ ਰਹਿਣ ਦੇ ਬਾਵਜੂਦ ਰੁੱਸੇ ਹੋਏ ਵਿਅਕਤੀ ਹੁੰਦੇ ਹਨ। ਕਿਉਂਕਿ ਉਨ੍ਹਾਂ ਦੇ ਰੋਸੇ ਦੀ ਪੱਧਰ ਉੱਚੀ ਹੁੰਦੀ ਹੈ ਅਤੇ ਉਨ੍ਹਾਂ ਦੇ ਅਨੁਭਵ ਦੀ ਸ਼ਿੱਦਤ ਗਹਿਰ-ਗੰਭੀਰ ਹੁੰਦੀ ਹੈ, ਉਹ ਮਹਾਨ ਕਾਰਜ ਕਰ ਜਾਂਦੇ ਹਨ।

ਮਹਾਤਮਾ ਬੁੱਧ ਆਪਣੀ ਐਸ਼-ਇਸ਼ਰਤ ਨਾਲ ਰੁੱਸ ਗਏ ਸਨ। ਗੁਰੂ ਗੋਬਿੰਦ ਸਿੰਘ ਮੁਗ਼ਲ ਹਕੂਮਤ ਨਾਲ ਰੁੱਸ ਗਏ ਸਨ। ਮਹਾਤਮਾ ਗਾਂਧੀ ਅੰਗਰੇਜੀ ਸਮਾਜ ਨਾਲ ਰੁੱਸ ਗਏ ਸਨ। ਇਵੇਂ ਹੋਰ ਅਨੇਕਾਂ ਮਿਸਾਲਾਂ ਦਿੱਤੀਆਂ ਜਾ ਸਕਦੀਆਂ ਹਨ। ਕਾਰਲ ਮਾਰਕਸ, ਲੈਨਿਨ, ਭਗਤ ਸਿੰਘ, ਸੁਭਾਸ਼ ਚੰਦਰ ਬੋਸ ਆਦਿ ਸਾਰੇ ਮਹਾਨ ਪੁਰਸ਼ ਆਪਣੀਆਂ ਆਰਥਿਕ, ਰਾਜਨੀਤਕ, ਸਮਾਜਿਕ ਸਥਿਤੀਆਂ ਨਾਲ ਰੁੱਸੇ ਹੋਏ ਸਨ।

ਨਤੀਜੇ ਵਜੋਂ ਕਿਹਾ ਜਾ ਸਕਦਾ ਹੈ ਕਿ ਜਿੰਨਾ ਵੱਡਾ ਰੋਸਾ, ਉਨੀ ਵੱਡੀ ਪ੍ਰਾਪਤੀ। ਪਰ ਪ੍ਰਾਪਤੀ ਦੀ ਸੰਭਾਵਨਾ ਤੇ ਸਮਰਥਾ ਹੋਣੀ ਜ਼ਰੂਰੀ ਹੈ।

ਆਤਮਘਾਤ ਕਰਨ ਵਾਲਾ ਵਿਅਕਤੀ ਵੀ ਰੁੱਸਿਆ ਹੁੰਦਾ ਹੈ ਪਰ ਉਹ ਕਿਸੇ ਜੀਵਨ ਆਦਰਸ਼ ਦੀ ਪ੍ਰਤਿ ਪ੍ਰੇਰਿਤ ਨਾ ਹੋਣ ਕਰਕੇ ਅਤੇ ਸਥਿਤੀ ਨਾਲ ਸਨਮੁਖ ਹੋਣ ਦੀ ਹਿੰਮਤ ਨਾ ਹੋਣ ਕਰਕੇ ਜੀਵਨ ਪਿੜ ਵਿਚੋਂ ਵਾਕ-ਆਊਟ ਕਰ ਜਾਂਦਾ ਹੈ।

ਗੁੱਸਾ, ਸਾੜਾ, ਈਰਖਾ, ਦੁਸ਼ਮਣੀ ਆਦਿ ਰੁੱਸਣ ਦੇ ਵਿਗੜੇ ਹੋਏ ਰੂਪ ਹਨ। ਜਦੋਂ ਇਹ ਬਹੁਤ ਹੀ ਵਿਗੜ ਜਾਣ ਤਾਂ ਇਹ ਦੁਸ਼ਮਣੀ, ਲੜਾਈ ਤੇ ਹਿੰਸਾ ਵਿਚ ਪ੍ਰਗਟ ਹੁੰਦੇ ਹਨ। ਸਭ ਪ੍ਰਕਾਰ ਦੇ ਅੰਦੋਲਨ ਵੀ ਮਾਨਸਿਕ ਅਤੇ ਸਰੀਰਕ ਰੋਸੇ ਦਾ ਜਥੇਬੰਦਕ ਪ੍ਰਗਟਾਵਾ ਹੁੰਦੇ ਹਨ।

ਰੁੱਸਣ ਦਾ ਆਧਾਰ ਹੀ ਇਹ ਹੈ ਕਿ ਇਸ ਵਿਚ ਘੱਟੋ ਘੱਟ ਦੇ ਧਿਰਾਂ ਹੁੰਦੀਆਂ ਹਨ। ਇਕ ਧਿਰ ਰੁੱਸਦੀ ਹੈ, ਇਸ ਆਸ ਨਾਲ ਕਿ ਦੂਜੀ ਧਿਰ ਉਸ ਨੂੰ ਮੰਨਾ ਲਵੇਗੀ। ਮੰਨਾਉਣ ਵਾਲੀ ਧਿਰ ਦਾ ਧਿਆਨ ਖਿੱਚਣ ਲਈ ਰੁੱਸੀ ਹੋਈ ਧਿਰ ਕਈ ਹਰਕਤਾਂ ਅਤੇ ਹੀਲੇ ਕਰਦੀ ਹੈ। ਰੁੱਸਣ ਵਾਲੀ ਧਿਰ ਉਪਰੋਂ ਭਾਵੇਂ ਕੁਝ ਕਹੀ ਅਤੇ ਕਰੀ ਜਾਵੇ ਪਰ ਅੰਦਰੋਂ ਇਸ ਦਾ ਦਿਲ ਕਰ ਰਿਹਾ ਹੁੰਦਾ ਹੈ ਕਿ ਉਸ ਨੂੰ ਕਿਵੇਂ ਨਾ ਕਿਵੇਂ ਮੰਨਾ ਲਿਆ ਜਾਵੇ। ਭਾਵੇਂ ਇਹ ਕੁਝ ਸ਼ਰਤਾਂ ਉਤੇ ਮੰਨਣਾ ਚਾਹੁੰਦੀ ਹੈ ਪਰ ਇਹ ਸ਼ਰਤਾਂ ਅਸੰਭਵ ਨਹੀਂ ਹੁੰਦੀਆਂ। ਮੰਨਾਉਣ ਵਾਲੀ ਧਿਰ ਜਦੋਂ ਜਾਣ ਬੁੱਝ ਕੇ ਅਵੇਸਲੀ ਬਣੀ ਰਹੇ ਤਾਂ ਰੁੱਸਣ ਵਾਲੀ ਧਿਰ ਦਾ ਹਠ ਮਜ਼ਬੂਤ ਹੁੰਦਾ ਰਹਿੰਦਾ ਹੈ ਅਤੇ ਉਹ ਆਪਣੇ ਦਿਲ ਵਿਚ ਦੂਜੀ ਧਿਰ ਪ੍ਰਤਿ ਵਿਸ ਘੋਲਦੀ ਰਹਿੰਦੀ ਹੈ ਤੇ ਨਿੱਕੀ ਵੱਡੀ ਵਧੀਕੀ ਨੂੰ ਇਕ ਲੰਮੀ ਲੜੀ ਵਿਚ ਪਰੋਂਦੀ ਰਹਿੰਦੀ ਹੈ। ਇਕ ਹੱਦ ਹੁੰਦੀ ਹੈ ਜਿਥੇ ਤੱਕ ਰੁੱਸਣ ਵਾਲੀ ਧਿਰ ਉਡੀਕ ਸਕਦੀ ਹੈ। ਸਥਿਤੀ ਦੀ ਲੋੜ ਅਨੁਸਾਰ ਇਸ ਹੱਦ ਦੀਆਂ ਸਰਹੱਦਾਂ ਹੋਰ ਪਰ੍ਹੇ ਕੀਤੀਆਂ ਜਾ ਸਕਦੀਆਂ ਹਨ ਪਰ ਜੇ ਰੋਸੇ ਦੀ ਮਿਆਦ ਬਹੁਤ ਲੰਮੀ ਹੋ ਜਾਵੇ ਤਾਂ ਉਸ ਧਿਰ ਨੂੰ ਰੋਸੇ ਵਾਲੀ ਸਥਿਤੀ ਨਾਲ ਹੀ ਮੋਹ ਪੈ ਜਾਂਦਾ ਹੈ ਤੇ ਉਹ ਕਿਸੇ ਵੀ ਕੀਮਤ ਤੇ ਮੰਨਣ ਲਈ ਤਿਆਰ ਨਹੀਂ ਹੁੰਦੀ। ਇਵੇਂ ਬਹੁਤ ਸਾਰੀਆਂ ਦੋਸਤੀਆਂ, ਰਿਸ਼ਤੇਦਾਰੀਆਂ ਆਦਿ ਟੁੱਟ ਜਾਂਦੀਆਂ ਹਨ। ਰਾਜਨੀਤਕ ਪਾਰਟੀਆਂ. ਟਰੇਡ ਯੂਨੀਅਨਾਂ ਆਦਿ ਵਿਚ ਵੀ ਉਪਰੋਕਤ ਢੰਗ ਨਾਲ ਪਾਟ ਪੈ ਜਾਂਦੇ ਹਨ। ਮੁਕੱਦਮੇਬਾਜੀ ਦੇ ਆਧਾਰ ਵੀ ਉਪਰੋਕਤ ਕਾਰਨ ਹਨ।

ਪ੍ਰਸ਼ਨ ਪੈਦਾ ਹੁੰਦਾ ਹੈ ਕਿ ਮੰਨਾਉਣ ਵਾਲੀ ਧਿਰ ਮੰਨਾਉਂਦੀ ਕਿਉਂ ਨਹੀਂ ? ਪਹਿਲੀ ਗੱਲ ਤਾਂ ਇਹ ਕਿ ਮੰਨਾਉਣ ਵਾਲੀ ਧਿਰ ਮੰਨਦੀ ਹੀ ਨਹੀਂ ਕਿ ਰੁੱਸਣ ਵਾਲੀ ਧਿਰ ਦੀ ਸ਼ਿਕਾਇਤ ਜਾਇਜ਼ ਹੈ। ਦੂਜੀ ਗੱਲ ਇਹ ਕਿ ਰੁੱਸਣ ਵਾਲੀ ਧਿਰ ਮੰਨਾਉਣ ਵਾਲੀ ਧਿਰ ਉਤੇ ਅਜਿਹੀਆਂ ਤੋਹਮਤਾਂ ਅਤੇ ਦੋਸ਼ ਲਾ ਚੁੱਕੀ ਹੁੰਦੀ ਹੈ ਕਿ ਮੰਨਾਉਣ ਵਾਲੀ ਧਿਰ ਰੁੱਸਣ ਵਾਲੀ ਧਿਰ ਨਾਲ ਆਪਣੇ ਤੌਰ ਤੇ ਰੁੱਸ ਜਾਂਦੀ ਹੈ ਅਤੇ ਦੋਵੇਂ ਧਿਰਾਂ ਇਸ ਉਡੀਕ ਵਿਚ ਰਹਿੰਦੀਆਂ ਹਨ ਕਿ ਮੰਨਾਉਣ ਦਾ ਕੰਮ ਦੂਜੀ ਧਿਰ ਕਰੇ। ਇਸ ਸਮੇਂ ਕਈ ਵਿਚੋਲੇ ਪੈਦਾ ਹੁੰਦੇ ਹਨ ਜਿਹੜੇ ਭਾਵੇਂ ਢੰਡੋਰਾ ਨਿਰਪੱਖਤਾ ਦਾ ਹੀ ਪਿੱਟਣ ਪਰ ਉਹ ਸੁਆਰਥ ਤੋਂ ਪ੍ਰੇਰਿਤ ਹੁੰਦੇ ਹਨ। ਸਮਝੌਤਾ ਹੋਣ ਦੀ ਸੰਭਾਵਨਾ ਵਿਚੋਲੇ ਦੀ (ਪਿਛੇਕੜ ਉਤੇ ) ਸੁਹਿਰਦਤਾ, ਈਮਾਨਦਾਰੀ ਅਤੇ ਦੋਹਾਂ ਧਿਰਾਂ ਨੂੰ ਖਰੀਆਂ ਖਰੀਆਂ ਸੁਣਾਉਣ ਦੀ ਸਮਰਥਾ ਉਤੇ ਆਧਾਰਤ ਹੁੰਦੀ ਹੈ। ਸਸ-ਨੂੰਹ, ਪਤੀ-ਪਤਨੀ, ਮਜ਼ਦੂਰ-ਮਾਲਕ, ਸਰਕਾਰ-ਵਿਰੋਧੀ ਧਿਰ ਆਦਿ ਉਪਰੇਕਤ ਆਧਾਰਾਂ ਉਤੇ ਹੀ ਮਨਾਏ ਜਾਂਦੇ ਹਨ।

ਕਈ ਵਾਰੀ ਰੋਸੇ ਦਾ ਕਾਰਨ ਮੂਰਖਤਾ ਹੁੰਦੀ ਹੈ। ਅਜਿਹੀ ਸਥਿਤੀ ਵਿਚ ਮੰਨਾਉਣ ਦੀ ਇੱਛਾ ਦੇ ਬਾਵਜੂਦ ਮੰਨਾਉਣ ਵਾਲੀ ਧਿਰ ਤਿਆਰ ਨਹੀਂ ਹੁੰਦੀ ਅਤੇ ਰਿਸ਼ਤਾ ਟੁੱਟ ਜਾਂਦਾ ਹੈ।

ਕਈ ਵਾਰੀ ਮੰਨਾਉਣ ਵਾਲੀ ਧਿਰ ਦੂਜੀ ਧਿਰ ਨੂੰ ਇਸ ਦੇ ਯੋਗ ਹੀ ਨਹੀਂ ਸਮਝਦੀ ਕਿ ਉਸ ਨੂੰ ਮੰਨਾਇਆ ਜਾਵੇ ਅਤੇ ਨਤੀਜਾ ਇਹ ਹੁੰਦਾ ਹੈ ਕਿ ਦੋਵੇਂ ਧਿਰਾਂ ਤਣ ਜਾਂਦੀਆਂ ਹਨ। ਅਜਿਹੀਆਂ ਸਥਿਤੀਆਂ ਵਿਚੋਂ ਹੀ ਖਾਨਦਾਨੀ ਦੁਸ਼ਮਣੀਆਂ, ਰਾਜਨੀਤਿਕ ਵੈਰ ਵਿਰੋਧ, ਲੜਾਈਆਂ ਅਤੇ ਜੰਗਾਂ ਜਨਮਦੀਆਂ ਹਨ।

ਜਦੋਂ ਮੰਨਣ ਮੰਨਾਉਣ ਦੀ ਸੰਭਾਵਨਾ ਮੁੱਕ ਜਾਵੇ ਤਾਂ ਇਕ ਦੂਜੇ ਨੂੰ ਝੁਕਾਉਣ ਦਾ ਯਤਨ ਕੀਤਾ ਜਾਂਦਾ ਹੈ। ਮਨੁੱਖ ਦੀ ਸਮੁੱਚੀ ਹਿੰਸਕ-ਪ੍ਰਵਿਕਤੀ ਇਸ ਸੰਦਰਭ ਵਿਚ ਸਮਝੀ ਜਾ ਸਕਦੀ ਹੈ।

ਰਾਹ ਜਾਂਦੇ ਵਿਅਕਤੀਆਂ ਨਾਲ ਰੁੱਸਿਆ ਨਹੀਂ ਜਾ ਸਕਦਾ। ਉਥੇ ਹੀ ਰੁੱਸਿਆ ਜਾ ਸਕਦਾ ਹੈ ਜਿਥੇ ਪਿਆਰ ਹੋਵੇ। ਪ੍ਰੇਮੀ ਆਮ ਰੁੱਸਦੇ ਹਨ। ਜਦੋਂ ਇਕ ਧਿਰ ਇਹ ਅਨੁਭਵ ਕਰਦੀ ਹੈ ਕਿ ਦੂਜੀ ਧਿਰ ਉਸ ਵੱਲ ਯੋਗ ਧਿਆਨ ਨਹੀਂ ਦੇ ਰਹੀ ਤਾਂ ਪੀੜਤ ਧਿਰ ਰੁੱਸ ਜਾਂਦੀ ਹੈ।

ਖਿੜੇ ਮੱਥੇ ਨਾ ਮਿਲਣਾ, ਜੁਕਾਮ ਲਗ ਜਾਣਾ, ਬਿਮਾਰ ਪੈ ਜਾਣਾ, ਕੋਈ ਹਾਦਸਾ ਕਰ ਬੈਠਣਾ ਆਦਿ ਮੰਨਾਉਣ ਵਾਲੀ ਧਿਰ ਦਾ ਧਿਆਨ ਖਿੱਚਣ ਦੇ ਕੁਝ ਢੰਗ ਹਨ।

ਪਿਆਰ ਦੇ ਖੇਤਰ ਵਿਚ ਵੀ ਸ਼ੋਸ਼ਣ ਹੁੰਦਾ ਹੈ। ਤਕੜੀ ਧਿਰ ਕਮਜੋਰ ਧਿਰ ਨੂੰ ਸਤਾਉਂਦੀ ਹੈ। ਤਕੜੀ ਧਿਰ ਲੜਕੀ ਵੀ ਹੋ ਸਕਦੀ ਹੈ ਤੇ ਲੜਕਾ ਵੀ। ਬੁਲਾਏ ਤੇ ਨਾ ਆਉਣਾ, ਵਕਤ ਦੇ ਕੇ ਨਾ ਮਿਲਣਾ, ਖਤ ਵਿਚ ਪੁੱਛੀਆਂ ਗੱਲਾਂ ਨੂੰ ਟਾਲਣਾ, ਦੂਜਿਆਂ ਨਾਲ ਉਠਣਾ ਬੈਠਣਾ ਅਤੇ ਅਣਭੋਲ ਹੀ ਬੇਇਜ਼ਤੀ ਕਰ ਦੇਣੀ ਪ੍ਰੇਮੀਆਂ ਦੇ ਰੋਸਿਆਂ ਦੇ ਕੁਝ ਆਧਾਰ ਹਨ।

ਕਈ ਵਾਰੀ ਸਹੇਲੀਆਂ ਦੋਸਤ ਵਿਚੋਲੇ ਦਾ ਰੋਲ ਅਦਾ ਕਰਕੇ ਸਮਝੌਤਾ ਵੀ ਕਰਵਾ ਦਿੰਦੇ ਹਨ, ਪਰ ਕਈ ਵਾਰੀ ਇਹੀ ਵਿਚਲੇ ਸੁਆਰਥੀ ਰੁਚੀਆਂ ਕਾਰਨ ਸਮਝੌਤੇ ਵਿਚ ਰੁਕਾਵਟ ਬਣ ਜਾਂਦੇ ਹਨ।

ਮੰਨੇਵਾਂ ਹਰ ਰੋਸੇ ਦੀ ਹੋਣੀ ਹੈ।

ਹਰ ਰੋਸੇ ਦੀ ਮਿਆਦ ਹੁੰਦੀ ਹੈ। ਇਸ ਮਿਆਦ ਉਪਰੰਤ ਹੀ ਮੰਨੇਵਾਂ ਸੰਭਵ ਹੁੰਦਾ ਹੈ। ਰੁੱਸੇ ਹੋਏ ਵਿਅਕਤੀ ਦੀ ਮਾਨਸਿਕ ਸਥਿਤੀ ਦੁਚਿਤੀ ਵਾਲੀ ਹੁੰਦੀ ਹੈ। ਉਹ ਰੁੱਸਿਆ ਵੀ ਰਹਿਣਾ ਚਾਹੁੰਦਾ ਹੈ ਤਾਂ ਕਿ ਉਸ ਦੀ ਸ਼ਕਾਇਤ ਨੂੰ ਪਛਾਣਿਆ ਜਾਵੇ ਪਰ ਉਹ ਇਹ ਵੀ ਚਾਹੁੰਦਾ ਹੈ ਕਿ ਉਸ ਨੂੰ ਮੰਨਾ ਲਿਆ ਜਾਵੇ।

ਰੁੱਸੇ ਹੋਏ ਵਿਅਕਤੀ ਨੂੰ ਝਟਪਟ ਬੁਲਾਉਣਾ ਉਸ ਨੂੰ ਗੁੱਸਾ ਚੜ੍ਹਾਉਂਦਾ ਹੈ ਕਿਉਂਕਿ ਉਹ ਸਮਝਦਾ ਹੈ ਸ਼ਾਇਦ ਉਹ ਠੀਕ ਤਰ੍ਹਾਂ ਨਾਲ ਰੁੱਸਿਆ ਨਹੀਂ। ਪਤਨੀ ਰੁੱਸ ਕੇ ਰਸੋਈ ਵਿਚ ਅਤੇ ਪਤੀ ਆਪਣੇ ਕਮਰੇ ਵਿਚ ਬੰਦ ਹੋ ਜਾਂਦੇ ਹਨ ਤਾਂ ਜੋ ਦੂਜੀ ਧਿਰ ਦਖਲ ਨਾ ਦੇ ਸਕੇ ਪਰ ਦੋਹਾਂ ਦੇ ਕੰਨ ਇਕ ਦੂਜੀ ਧਿਰ ਵਲ ਲੱਗੇ ਹੁੰਦੇ ਹਨ। ਰੁੱਸੀ ਹੋਈ ਤੀਵੀਂ ਭਾਂਡੇ ਵਧੇਰੇ ਖੜਕਾਉਂਦੀ ਹੈ ਜਦੋਂ ਕਿ ਪਤੀ ਕਿਸੇ ਵਿਗੜੀ ਚੀਜ਼ ਨੂੰ ਠੀਕ ਕਰਨ ਲੱਗ ਪੈਂਦਾ ਹੈ।

ਰੁੱਸਿਆ ਹੋਇਆ ਵਿਅਕਤੀ ਇਕੱਲਾ ਰਹਿਣਾ ਚਾਹੁੰਦਾ ਹੈ ਤਾਂ ਕਿ ਉਹ ਆਪਣੇ ਆਪ ਨਾਲ ਗੱਲਾਂ ਕਰ ਸਕੇ। ਆਪਣੇ ਆਪ ਨਾਲ ਸਵਾਲ ਜਵਾਬ ਕਰਕੇ ਉਸ ਨੂੰ ਰੁੱਸਣ ਦੇ ਜਾਇਜ਼ ਹੋਣ ਦਾ ਭਰਮ ਉਪਜਦਾ ਹੈ। ਰਾਤ ਨੂੰ ਉਸ ਦੀ ਨੀਂਦਰ ਉਖੜ ਜਾਂਦੀ ਹੈ ਤੇ ਉਹ ਆਪਣੇ ਮਨ ਵਿਚ ਅਨੇਕਾਂ ਪੈਂਤੜੇ ਵਿਚਾਰਦਾ ਹੈ। ਉਹ ਬੜੇ ਪੱਕੇ ਫੈਸਲੇ ਕਰਦਾ ਹੈ ਪਰ ਉਸ ਨੂੰ ਪਤਾ ਹੁੰਦਾ ਹੈ ਕਿ ਦੂਜੀ ਧਿਰ ਦੇ ਸਾਹਮਣੇ ਹੁੰਦਿਆਂ ਹੀ ਇਹ ਉਡਪੁੱਡ ਜਾਣਗੇ।

ਰੁੱਸਣ ਵਾਲਾ ਆਪਣੇ ਮਨ ਵਿਚ ਮਨਾਏ ਜਾਣ ਲਈ ਤਰਲੇ ਲੈਂਦਾ ਹੈ ਪਰ ਉਹ ਇਹ ਵੀ ਚਾਹੁੰਦਾ ਹੈ ਕਿ ਉਸ ਦੀ ਇਜ਼ਤ ਵੀ ਰਹਿ ਜਾਵੇ ਕਿਸੇ ਖੁਲ੍ਹੀ ਖਲਾਸੀ ਘੜੀ, ਕਿਸੇ ਫਿਲਮ, ਕਿਤਾਬ ਆਦਿ ਦੇ ਪ੍ਰਭਾਵ ਅਧੀਨ ਰੁੱਸੀ ਹੋਈ ਧਿਰ ਆਪਣੇ ਰੋਸੇ ਦਾ ਤਿਆਗ ਵੀ ਕਰ ਦਿੰਦੀ ਹੈ ਅਤੇ ਕਈ ਵਾਰੀ ਦੂਜੀ ਧਿਰ ਇਸ ਤਰ੍ਹਾਂ ਪਸੀਜ ਕੇ ਵੇਖਦੀ ਹੈ ਕਿ ਰੁੱਸੇ ਹੋਏ ਵਿਅਕਤੀ ਨੂੰ ਹੋਰ ਰੁੱਸਿਆ ਰਹਿਣਾ ਚੰਗਾ ਨਹੀਂ ਲਗਦਾ।

ਦੋਵੇਂ ਧਿਰਾਂ ਸਹਿਕ ਕੇ ਮਿਲਦੀਆਂ ਹਨ ਅਤੇ ਪਿਆਰ ਅਤੇ ਸਤਿਕਾਰ ਦੇ ਪ੍ਰਗਟਾਵੇ ਵਿਚ ਇਕ ਦੂਜੇ ਤੋਂ ਅੱਗੇ ਲੰਘਣ ਦਾ ਸਿਰਤੋੜ ਯਤਨ ਕਰਦੀਆਂ ਹਨ। ਅਜਿਹੀ ਸਥਿਤੀ ਵਿਚ ਕੱਸਿਆ ਹੋਇਆ ਸਰੀਰ ਢਿੱਲਾ ਹੋ ਜਾਂਦਾ ਹੈ। ਤਣੇ ਹੋਏ ਨੈਣ-ਨਕਸ਼ ਢਿੱਲੇ ਹੋ ਕੇ ਮੁਸਕੁਰਾਹਟਾਂ ਵੰਡਦੇ ਹਨ। ਦੋਹਾਂ ਧਿਰਾਂ ਦੀ ਸ਼ਰਮ ਲਹਿ ਜਾਂਦੀ ਹੈ ਤੇ ਉਨ੍ਹਾਂ ਦੀ ਗੱਲਬਾਤ ਵਿਚ ਵਧੇਰੇ ਅਪਣਤ ਆ ਜਾਂਦੀ ਹੈ ਜਿਵੇਂ ਉਹ ਕਹਿ ਰਹੀਆਂ ਹੋਣ, “ਅਸੀਂ ਦੋਵੇਂ ਕਿੰਨੇ ਮੂਰਖ ਸਾਂ, ਇਸ ਛੋਟੀ ਜਿਹੀ ਗੱਲ ਉਤੇ ਅਸੀਂ ਕਿੰਨਾ ਸਮਾਂ ਵਿਅਰਥ ਗੁਆਇਆ ਹੈ, ਹੁਣ ਅਸੀਂ ਸਿਆਣੇ ਹੋ ਗਏ ਹਾਂ, ਹੁਣ ਅੱਗੇ ਤੋਂ ਆਪਾਂ ਕਦੀ ਨਹੀਂ ਰੁੱਸਣਾ… ”

ਜੇ ਜੀਵਨ ਵਿਚ ਰੋਸਾ ਨਾ ਹੋਵੇ ਤਾਂ ਅਸੀਂ ਮੰਨਾਏ ਜਾਣ ਦੇ ਆਨੰਦ ਤੋਂ ਵਿਰਵੇ ਰਹਿ ਜਾਵਾਂਗੇ।

ਰੁੱਸਣਾ ਤੇ ਮੰਨਣਾ ਗਰਮੀ ਅਤੇ ਸਰਦੀ ਦੀ ਰੁੱਤ ਵਾਂਗ ਹਨ। ਦੋਹਾਂ ਦਾ ਆਪਣਾ ਮਹੱਤਵ ਹੈ ਤੇ ਦੋਵੇਂ ਇਕ ਦੂਜੇ ਦੇ ਮਹੱਤਵ ਨੂੰ ਵਧਾਉਂਦੇ ਹਨ।

ਜੇ ਤੁਹਾਡੇ ਨਾਲ ਕੋਈ ਰੁੱਸਿਆ ਹੋਇਆ ਹੈ ਤਾਂ ਰੱਬ ਦੇ ਵਾਸਤੇ ਉਸ ਨੂੰ ਮਨਾ ਲਵੋ, ਉਹ ਤੁਹਾਡੇ ਵਲੋਂ ਮਨਾਏ ਜਾਣ ਦੀ ਉਡੀਕ ਕਰ ਰਿਹਾ ਹੈ।