ਸ਼ਰਾਬ ਮਾਫੀਆਂ ਨੇ ਤਰਨ ਤਾਰਨ ‘ਚ ਇਕ ਪਰਿਵਾਰ ਦੇ ਪੰਜ ਜੀਆਂ ਦਾ ਕੀਤਾ ਕਤਲ

0
2024

ਤਰਨ ਤਾਰਨ . ਪਿੰਡ ਕੈਰੋਂ ਵਿੱਚ ਸ਼ਰਾਬ ਮਾਫੀਆ ਨੇ ਬੇਖੌਂਫ਼ ਹੁੰਦਿਆਂ ਇੱਕ ਪਰਿਵਾਰ ਦੇ ਪੰਜ ਜੀਆਂ ਦਾ ਕਤਲ ਕਰ ਦਿੱਤਾ ਹੈ। ਉੱਧਰ, ਜ਼ਿਲ੍ਹੇ ਦੇ ਪਿੰਡ ਵਲਟੋਹਾ ਵਿੱਚ ਵੀ ਕਤਲ ਦੀ ਵਾਰਦਾਤ ਦੀ ਖ਼ਬਰ ਹੈ। ਅੱਧੀ ਰਾਤ ਸਮੇਂ ਵਾਪਰੀਆਂ ਘਟਨਾਵਾਂ ਨੇ ਇਲਾਕੇ ਵਿੱਚ ਸਨਸਨੀ ਫੈਲਾ ਦਿੱਤੀ ਹੈ।

ਜਾਣਕਾਰੀ ਮੁਤਾਬਕ ਪੱਟੀ ਥਾਣਾ ਖੇਤਰ ਅਧੀਨ ਪੈਂਦੇ ਪਿੰਡ ਕੈਰੋਂ ਦੇ ਰਹਿਣ ਵਾਲੇ ਸ਼ਰਾਬ ਮਾਫੀਆ ਨਾਲ ਸਬੰਧਤ ਬ੍ਰਿਜ ਲਾਲ ਧੱਤੂ ਦੇ ਪਰਿਵਾਰ ਦੇ ਪੰਜ ਮੈਂਬਰਾਂ ਨੂੰ ਬੀਤੀ ਰਾਤ ਕਤਲ ਕਰ ਦਿੱਤਾ ਗਿਆ। ਮ੍ਰਿਤਕਾਂ ਵਿੱਚ ਦੋ ਔਰਤਾਂ ਵੀ ਸ਼ਾਮਲ ਹਨ। ਦੱਸਿਆ ਜਾਂਦਾ ਹੈ ਕਿ ਬ੍ਰਿਜ ਲਾਲ ਧੱਤੂ ਖ਼ਿਲਾਫ ਨਾਜਾਇਜ਼ ਸ਼ਰਾਬ ਦੇ ਕਈ ਮਾਮਲੇ ਦਰਜ ਹਨ ਤੇ ਉਸ ਦਾ ਪੁੱਤਰ ਵੀ ਅਜਿਹੇ ਹੀ ਮਾਮਲਿਆਂ ਵਿੱਚ ਨਾਮਜ਼ਦ ਹੈ।

ਘਟਨਾ ਦੀ ਸੂਚਨਾ ਮਿਲਦੇ ਹੀ ਡੀਐਸਪੀ ਕੁਲਜਿੰਦਰ ਸਿੰਘ ਤੇ ਥਾਣਾ ਮੁਖੀ ਅਜੈ ਖੁੱਲਰ ਸਮੇਤ ਹੋਰ ਅਧਿਕਾਰੀ ਮੌਕੇ ‘ਤੇ ਪਹੁੰਚ ਗਏ। ਪੁਲਿਸ ਨੂੰ ਹਾਲੇ ਤੱਕ ਵਾਰਦਾਤ ਦਾ ਕਾਰਨ ਤੇ ਮੁਲਜ਼ਮਾਂ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਹੈ।

ਦੂਜੇ ਪਾਸੇ, ਥਾਣਾ ਸਦਰ ਪੱਟੀ ਦੇ ਪਿੰਡ ਮੁਠੀਆ ਵਾਲਾ ਦੇ ਰਹਿਣ ਵਾਲੇ 40 ਸਾਲਾ ਕਿਸਾਨ ਸੰਤੋਖ ਸਿੰਘ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ। ਸੰਤੋਖ ਸਿੰਘ ਆਪਣੇ ਸਹੁਰੇ ਪਿੰਡ ਵਲਟੋਹਾ ਗਿਆ ਹੋਇਆ ਸੀ। ਇਸ ਘਟਨਾ ਦੇ ਕਾਰਨ ਤੇ ਮੁਲਜ਼ਮਾਂ ਬਾਰੇ ਕੁਝ ਪਤਾ ਨਹੀਂ ਲੱਗਿਆ। ਜ਼ਿਲ੍ਹੇ ਦੇ ਸੀਨੀਅਰ ਪੁਲਿਸ ਕਪਤਾਨ ਧਰੁਵ ਦਹੀਆ ਨੇ ਮਾਮਲਿਆਂ ਦੀ ਜਾਂਚ ਜਾਰੀ ਹੋਣ ਦੀ ਗੱਲ ਆਖੀ ਹੈ।