ਨਗਰ ਨਿਗਮ ਚੋਣਾਂ : ‘ਆਪ’ ਵੱਲੋਂ ਅੰਮ੍ਰਿਤਸਰ ‘ਚ ਪਹਿਲੀ ਸੂਚੀ ਜਾਰੀ, 74 ਉਮੀਦਵਾਰਾਂ ‘ਚੋਂ 39 ਔਰਤਾਂ

0
685

ਅੰਮ੍ਰਿਤਸਰ, 11 ਦਸੰਬਰ | ਪੰਜਾਬ ਵਿਚ 21 ਦਸੰਬਰ ਨੂੰ ਹੋਣ ਵਾਲੀਆਂ ਨਗਰ ਨਿਗਮ ਚੋਣਾਂ ਲਈ ਨਾਮਜ਼ਦਗੀਆਂ ਦਾ ਅੱਜ ਤੀਜਾ ਦਿਨ ਹੈ। ਪੰਜਾਬ ਚੋਣ ਕਮਿਸ਼ਨ ਵੱਲੋਂ ਜਾਰੀ ਮਿਤੀਆਂ ਅਨੁਸਾਰ 12 ਦਸੰਬਰ ਤੱਕ ਨਾਮਜ਼ਦਗੀਆਂ ਦਾਖ਼ਲ ਕੀਤੀਆਂ ਜਾ ਸਕਦੀਆਂ ਹਨ। ਆਮ ਆਦਮੀ ਪਾਰਟੀ ਨੇ ਆਪਣੀ ਪਹਿਲੀ ਸੂਚੀ ਵਿਚ ਅੰਮ੍ਰਿਤਸਰ ਦੇ 85 ਵਾਰਡਾਂ ਤੋਂ 74 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ, ਜਿਨ੍ਹਾਂ ਵਿਚੋਂ 38 ਉਮੀਦਵਾਰ ਔਰਤਾਂ ਹਨ।

ਨਿਗਮ ਚੋਣਾਂ ਲਈ ਭਾਜਪਾ ਨੇ ਸਾਰੇ ਵਾਰਡਾਂ ਲਈ ਸੂਚੀ ਜਾਰੀ ਕਰ ਦਿੱਤੀ ਹੈ, ਜਦਕਿ ਕਾਂਗਰਸ ਨੇ ਹੁਣ ਤੱਕ ਸਿਰਫ਼ 37 ਉਮੀਦਵਾਰਾਂ ਦਾ ਐਲਾਨ ਕੀਤਾ ਹੈ।

ਸ਼ਡਿਊਲ ਜਾਰੀ ਹੋਣ ਤੋਂ ਬਾਅਦ ਜ਼ਿਲਾ ਚੋਣ ਅਫ਼ਸਰ ਅਤੇ ਡੀਸੀ ਨੇ ਅੰਮ੍ਰਿਤਸਰ ਵਿਚ ਨਾਮਜ਼ਦਗੀ ਪੱਤਰ ਪ੍ਰਵਾਨ ਕਰਨ ਲਈ ਵਾਰਡ ਵਾਈਜ਼ ਆਰ.ਓ. ਨੂੰ ਜ਼ਿੰਮੇਵਾਰੀ ਸੌਂਪ ਦਿੱਤੀ ਹੈ। ਨਗਰ ਨਿਗਮ ਅੰਮ੍ਰਿਤਸਰ, ਨਗਰ ਪੰਚਾਇਤ ਰਾਜਾਸਾਂਸੀ ਅਤੇ ਬਾਬਾ ਬਕਾਲਾ ਲਈ ਚੋਣਾਂ ਹੋਣੀਆਂ ਹਨ, ਜਦਕਿ ਨਗਰ ਕੌਂਸਲ ਮਜੀਠਾ ਦੇ ਵਾਰਡ 4, ਨਗਰ ਪੰਚਾਇਤ ਅਜਨਾਲਾ ਦੇ ਵਾਰਡ ਨੰਬਰ 5 ਅਤੇ 7 ਅਤੇ ਨਗਰ ਦੇ ਵਾਰਡ ਨੰਬਰ 13 ਲਈ ਉਪ ਚੋਣਾਂ ਹੋਣੀਆਂ ਹਨ।

ਸ਼ਡਿਊਲ ਮੁਤਾਬਕ 21 ਦਸੰਬਰ ਨੂੰ ਵੋਟਾਂ ਪੈਣਗੀਆਂ ਅਤੇ ਉਸੇ ਦਿਨ ਹੀ ਨਤੀਜੇ ਵੀ ਐਲਾਨੇ ਜਾਣਗੇ। ਨਾਮਜ਼ਦਗੀ ਪੱਤਰ 9 ਤੋਂ 12 ਦਸੰਬਰ ਨੂੰ ਸਵੇਰੇ 11 ਵਜੇ ਤੋਂ ਬਾਅਦ ਦੁਪਹਿਰ 3 ਵਜੇ ਤੱਕ ਲਏ ਜਾਣਗੇ।