ਸ੍ਰੀ ਮੁਕਤਸਰ ਸਾਹਿਬ | ਦੱਸ ਦਈਏ ਕਿ ਬੀਤੇ ਕੱਲ ਲੁੱਟ ਦੀ ਵੱਡੀ ਵਾਰਦਾਤ ਸਾਹਮਣੇ ਆਈ ਸੀ। ਘਟਨਾ ਦੇ 1 ਦਿਨ ਬੀਤਣ ਤੋਂ ਬਾਅਦ ਵੀ ਪਿਸਤੌਲ ਤੇ ਕਿਰਪਾਨ ਦੇ ਜ਼ੋਰ ‘ਤੇ ਦੁਕਾਨਦਾਰ ਤੋਂ ਡੇਢ ਲੱਖ ਰੁਪਏ ਲੁੱਟਣ ਵਾਲੇ ਲੁਟੇਰੇ ਅਜੇ ਤਕ ਪੁਲਿਸ ਦੇ ਹੱਥ ਨਹੀਂ ਲੱਗੇ। ਦੂਜੇ ਪਾਸੇ ਸ਼ਿਕਾਇਤ ਦਰਜ ਕਰਨ ਤੋਂ ਬਾਅਦ ਵੀ ਪੁਲਿਸ ਨੇ ਅਜੇ ਤਕ ਕੋਈ ਐਫਆਈਆਰ ਦਰਜ ਨਹੀਂ ਕੀਤੀ। ਦੁਕਾਨਦਾਰ ਅਨੁਸਾਰ ਥਾਣਾ ਸਿਟੀ ਦੇ ਇੰਚਾਰਜ ਨਵਪ੍ਰੀਤ ਸਿੰਘ ਪਿਛਲੇ ਕੁਝ ਸਮੇਂ ਤੋਂ ਕਿਸੇ ਕੰਮ ਲਈ ਬਾਹਰ ਗਏ ਹੋਏ ਸਨ, ਥਾਣਾ ਸਿਟੀ ਦੀ ਪੁਲਿਸ ਨੇ ਮੰਗਲਵਾਰ ਨੂੰ ਥਾਣੇ ਆਉਣ ‘ਤੇ ਮਾਮਲਾ ਦਰਜ ਕਰਨ ਬਾਰੇ ਕਿਹਾ ਹੈ।
ਲੁੱਟ ਦਾ ਸ਼ਿਕਾਰ ਹੋਏ ਦੁਕਾਨਦਾਰ ਰਵੀ ਕੁਮਾਰ ਨੇ ਕਿਹਾ ਕਿ ਅਜੇ ਤਕ ਲੁਟੇਰਿਆਂ ਦਾ ਨਾ ਫੜਿਆ ਜਾਣਾ ਗੰਭੀਰ ਮਾਮਲਾ ਹੈ। ਅੱਜ ਉਨ੍ਹਾਂ ਨੇ ਮੈਨੂੰ ਲੁੱਟਿਆ, ਕੱਲ੍ਹ ਕਿਸੇ ਹੋਰ ਨੂੰ ਲੁੱਟਣਗੇ। ਗੁੰਡਾਗਰਦੀ ਬੰਦ ਹੋਣੀ ਚਾਹੀਦੀ ਹੈ। ਸੋਮਵਾਰ ਨੂੰ ਹੋਈ ਲੁੱਟ ਤੋਂ ਬਾਅਦ ਪੁਲਿਸ ਨੇ ਉਸ ਦੇ ਬਿਆਨ ਲਏ ਸਨ ਪਰ ਥਾਣਾ ਇੰਚਾਰਜ ਸਟੇਸ਼ਨ ਤੋਂ ਬਾਹਰ ਹੋਣ ਕਾਰਨ ਅਜੇ ਤਕ ਕੋਈ ਮਾਮਲਾ ਦਰਜ ਨਹੀਂ ਕੀਤਾ ਗਿਆ।
ਦੂਜੇ ਪਾਸੇ ਪੁਰਾਣੀ ਦਾਣਾ ਮੰਡੀ ਵਿਚ ਲੁੱਟ ਦੀ ਘਟਨਾ ਤੋਂ ਬਾਅਦ ਦੁਕਾਨਦਾਰਾਂ ਵਿਚ ਵੀ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਦੱਸ ਦਈਏ ਕਿ ਬਾਜ਼ਾਰ ‘ਚ ਵੱਖ-ਵੱਖ ਤਰ੍ਹਾਂ ਦੀਆਂ ਕਰੀਬ 60 ਦੁਕਾਨਾਂ ਹਨ। ਇੱਥੇ ਵੱਡੀ ਗਿਣਤੀ ਵਿੱਚ ਲੋਕ ਖਰੀਦਦਾਰੀ ਲਈ ਆਉਂਦੇ ਰਹਿੰਦੇ ਹਨ। ਦਿਨ-ਦਿਹਾੜੇ ਬੰਦੂਕ ਦੀ ਨੋਕ ‘ਤੇ ਲੁੱਟ-ਖੋਹ ਦੀ ਘਟਨਾ ਕਾਰਨ ਭੀੜ ਵਾਲੇ ਇਲਾਕੇ ‘ਚ ਦਹਿਸ਼ਤ ਫੈਲ ਗਈ ਹੈ।
ਇਸ ਸਬੰਧੀ ਜਦੋਂ ਡੀਐਸਪੀ ਰਾਜੇਸ਼ ਸਨੇਹੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਲੁਟੇਰਿਆਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਲਦੀ ਹੀ ਉਨ੍ਹਾਂ ਦਾ ਪਤਾ ਲਗਾ ਲਿਆ ਜਾਵੇਗਾ। ਨਾਕਾਬੰਦੀ ਅਤੇ ਗਸ਼ਤ ਵਧਾ ਦਿੱਤੀ ਗਈ ਹੈ।