ਐਮਪੀ ਸੰਤੋਖ ਚੌਧਰੀ ਨੇ NRI ਗਾਖਲ ਬ੍ਰਦਰਜ਼ ਵੱਲੋਂ ਛੱਪੜ ਦੀ ਕਾਇਆ ਕਲਪ ਕਰਕੇ ਬਣਾਏ ਪਾਰਕ ਦਾ ਕੀਤਾ ਉਦਘਾਟਨ

0
597

ਗਾਖਲ (ਜਲੰਧਰ) | ਲੋਕ ਸਭਾ ਮੈਂਬਰ ਚੌਧਰੀ ਸੰਤੋਖ ਸਿੰਘ ਨੇ ਐਤਵਾਰ ਨੂੰ ਪ੍ਰਵਾਸੀ ਭਾਰਤੀਆਂ ਨੂੰ ਸੂਬੇ ਦੇ ਸਮਾਜਿਕ ਅਤੇ ਆਰਥਿਕ ਵਿਕਾਸ ਵਿੱਚ ਸਰਗਰਮ ਭੂਮਿਕਾ ਨਿਭਾਉਣ ਦਾ ਸੱਦਾ ਦਿੱਤਾ।

ਸੰਸਦ ਮੈਂਬਰ, ਜਿਨ੍ਹਾਂ ਨਾਲ ਸਾਬਕਾ ਐਮ.ਪੀ. ਅਤੇ ਪੰਜਾਬ ਤਕਨੀਕੀ ਸਿੱਖਿਆ ਬੋਰਡ ਦੇ ਚੇਅਰਮੈਨ ਮੋਹਿੰਦਰ ਸਿੰਘ ਕੇ ਪੀ, ਵਿਧਾਇਕ ਸੁਸ਼ੀਲ ਕੁਮਾਰ ਰਿੰਕੂ ਅਤੇ ਚੌਧਰੀ ਸੁਰਿੰਦਰ ਸਿੰਘ ਵੀ ਮੌਜੂਦ ਸਨ, ਇੱਥੇ ਸ਼ਹੀਦ ਨਾਇਕ ਕੁਲਵਿੰਦਰ ਸਿੰਘ ਦੇ ਨਾਂ ‘ਤੇ ਬਣੇ ਪਾਰਕ ਦਾ ਉਦਘਾਟਨ ਕਰਨ ਲਈ ਪੁੱਜੇ ਸਨ। ਇਸ ਪਾਰਕ ਨੂੰ ਪ੍ਰਵਾਸੀ ਭਾਰਤੀ ਅਮੋਲਕ ਸਿੰਘ ਗਾਖਲ ਵੱਲੋਂ ਪਿੰਡ ਦੇ ਛੱਪੜ ਦੀ ਕਾਇਆ ਕਲਪ ਕਰ ਕੇ ਵਿਕਸਤ ਕੀਤਾ ਗਿਆ ਹੈ।

ਸੰਸਦ ਮੈਂਬਰ ਨੇ ਪ੍ਰਵਾਸੀ ਭਾਰਤੀਆਂ ਦੀ ਸ਼ਾਨਦਾਰ ਭੂਮਿਕਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪ੍ਰਵਾਸੀ ਭਾਰਤੀਆਂ ਨੇ ਆਪਣੀ ਮਿਹਨਤ ਅਤੇ ਲਗਨ ਨਾਲ ਦੁਨੀਆ ਵਿੱਚ ਆਪਣੇ ਲਈ ਖਾਸ ਥਾਂ ਬਣਾਈ ਹੈ । ਉਨ੍ਹਾਂ ਕਿਹਾ ਕਿ ਪ੍ਰਵਾਸੀ ਭਾਰਤੀਆਂ ਨੇ ਵਿਦੇਸ਼ੀ ਧਰਤੀ ‘ਤੇ ਆਪਣੇ ਮਿਸਾਲੀ ਕਾਰਜਾਂ ਰਾਹੀਂ ਹਰੇਕ ਪੰਜਾਬੀ ਨੂੰ ਮਾਣ ਮਹਿਸੂਸ ਕਰਵਾਇਆ ਹੈ। ਚੌਧਰੀ ਸੰਤੋਖ ਸਿੰਘ ਨੇ ਕਿਹਾ ਕਿ ਭਾਵੇਂ ਪ੍ਰਵਾਸੀ ਭਾਰਤੀਆਂ ਵੱਲੋਂ ਹਮੇਸ਼ਾ ਹੀ ਸੂਬੇ ਦੇ ਵਿਕਾਸ ਲਈ ਬਹੁਤ ਕੁਝ ਕੀਤਾ ਗਿਆ ਹੈ ਪਰ ਹੁਣ ਸੂਬੇ ਦੇ ਸਮੁੱਚੇ ਵਿਕਾਸ ਲਈ ਹੋਰ ਯਤਨ ਕਰਨ ਦੀ ਲੋੜ ਹੈ।

ਸੰਸਦ ਮੈਂਬਰ ਨੇ ਕਿਹਾ- ਪ੍ਰਵਾਸੀ ਭਾਰਤੀਆਂ ਵੱਲੋਂ ਆਪਣੇ ਜੱਦੀ ਪਿੰਡਾਂ ਅਤੇ ਕਸਬਿਆਂ ਦੇ ਵਿਕਾਸ ਲਈ ਹਮੇਸ਼ਾ ਮੋਹਰੀ ਭੂਮਿਕਾ ਨਿਭਾਈ ਗਈ ਹੈ। ਪ੍ਰਵਾਸੀ ਭਾਰਤੀਆਂ ਵੱਲੋਂ ਸੂਬਾ ਸਰਕਾਰ ਦੇ ਯਤਨਾਂ ਦਾ ਸਮਰਥਨ ਕਰਨ ਸਦਕਾ ਅਜਿਹੇ ਉਪਰਾਲਿਆਂ ਨੂੰ ਵੱਡਾ ਹੁਲਾਰਾ ਮਿਲ ਸਕਦਾ ਹੈ।

ਚੌਧਰੀ ਸੰਤੋਖ ਸਿੰਘ ਨੇ ਪ੍ਰਵਾਸੀ ਭਾਰਤੀ ਅਮੋਲਕ ਸਿੰਘ ਗਾਖਲ ਅਤੇ ਉਨ੍ਹਾਂ ਦੇ ਸਾਰੇ ਸਾਥੀਆਂ ਦੀ ਇਸ ਬੇਮਿਸਾਲ ਕਾਰਜ ਲਈ ਸ਼ਲਾਘਾ ਕੀਤੀ।

ਸੰਸਦ ਮੈਂਬਰ ਨੇ ਪਾਰਕ ਨੂੰ ਸ਼ਹੀਦ ਨਾਇਕ ਕੁਲਵਿੰਦਰ ਸਿੰਘ ਨੂੰ ਨਿਮਾਣੀ ਜਿਹੀ ਸ਼ਰਧਾਂਜਲੀ ਦੱਸਦਿਆਂ ਕਿਹਾ ਕਿ ਇਸ ਬਹਾਦਰ ਜਵਾਨ ਵੱਲੋਂ ਦੇਸ਼ ਦੇ ਸਨਮਾਨ ਅਤੇ ਅਖੰਡਤਾ ਦੀ ਰਾਖੀ ਕਰਦੇ ਹੋਏ ਮਾਤ ਭੂਮੀ ਲਈ ਆਪਣੀ ਜਾਨ ਵਾਰ ਦਿੱਤੀ ਗਈ । ਉਨ੍ਹਾਂ ਕਿਹਾ ਕਿ ਇਹ ਪਾਰਕ ਜਿਥੇ ਸ਼ਹੀਦ ਦੀ ਯਾਦ ਨੂੰ ਹਮੇਸ਼ਾ ਤਾਜ਼ਾ ਰੱਖੇਗਾ ਉਥੇ ਆਉਣ ਵਾਲੀ ਪੀੜ੍ਹੀ ਨੂੰ ਵੀ ਪ੍ਰੇਰਨਾ ਦੇਵੇਗਾ।

ਵਿਧਾਇਕ ਸੁਸ਼ੀਲ ਕੁਮਾਰ ਰਿੰਕੂ ਅਤੇ ਚੌਧਰੀ ਸੁਰਿੰਦਰ ਸਿੰਘ ਨੇ ਵੀ ਆਪਣੇ ਸੰਬੋਧਨ ਵਿੱਚ ਪ੍ਰਵਾਸੀ ਭਾਰਤੀਆਂ ਵੱਲੋਂ ਸੂਬੇ ਦੇ ਸਮਾਜਿਕ-ਆਰਥਿਕ ਵਿਕਾਸ ਵਿੱਚ ਨਿਭਾਈ ਜਾ ਰਹੀ ਭੂਮਿਕਾ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਸੱਤ ਸਮੁੰਦਰ ਪਾਰ ਇਨ੍ਹਾਂ ਪ੍ਰਵਾਸੀ ਭਾਰਤੀ ਭਰਾਵਾਂ ਵੱਲੋਂ ਹਾਸਲ ਕੀਤੀਆਂ ਉਪਲਬਧੀਆਂ ‘ਤੇ ਹਰ ਪੰਜਾਬੀ ਨੂੰ ਮਾਣ ਹੈ। ਚੌਧਰੀ ਸੰਤੋਖ ਸਿੰਘ ਨੇ ਇਹ ਵੀ ਕਿਹਾ ਕਿ ਗਾਖਲ ਪਰਿਵਾਰ ਜ਼ਮੀਨੀ ਪੱਧਰ ‘ਤੇ ਆਪਣੇ ਪਿੰਡ ਨਾਲ ਬਹੁਤ ਜੁੜਿਆ ਹੋਇਆ ਹੈ ਅਤੇ ਪਿੰਡਾਂ ਦੇ ਵਿਕਾਸ ਲਈ ਅਣਥੱਕ ਯਤਨ ਕਰਦਾ ਆ ਰਿਹਾ ਹੈ।

ਇਸ ਦੌਰਾਨ ਅਮੋਲਕ ਸਿੰਘ ਗਾਖਲ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਪਿੰਡ ਦੇ ਛੱਪੜ ਨੂੰ ਇਸ ਸੁੰਦਰ ਪਾਰਕ ਵਿੱਚ ਤਬਦੀਲ ਕਰਨ ਲਈ 2.5 ਕਰੋੜ ਰੁਪਏ ਖਰਚ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਇਸ ਮੰਤਵ ਲਈ ਪੂਰੇ ਪਿੰਡ ਵਿੱਚ ਸੀਵਰੇਜ ਦੀਆਂ ਪਾਈਪਾਂ ਵਿਛਾਈਆਂ ਗਈਆਂ ਹਨ ਅਤੇ ਨਵਾਂ ਛੱਪੜ ਬਣਾ ਕੇ ਗੰਦੇ ਪਾਣੀ ਦੀ ਨਿਕਾਸੀ ਨੂੰ ਪਿੰਡ ਦੇ ਬਾਹਰ ਯਕੀਨੀ ਬਣਾਇਆ ਗਿਆ ਹੈ। ਅਮੋਲਕ ਸਿੰਘ ਗਾਖਲ ਵੱਲੋਂ ਪਾਰਕ ਦੇ ਉਦਘਾਟਨ ਮੌਕੇ ਸ਼ਾਮਲ ਹੋਣ ਲਈ ਸਮੁੱਚੇ ਪਤਵੰਤਿਆਂ ਦਾ ਧੰਨਵਾਦ ਵੀ ਕੀਤਾ ਗਿਆ।

ਇਸ ਮੌਕੇ ਵਿਧਾਇਕ ਸੁਸ਼ੀਲ ਕੁਮਾਰ ਰਿੰਕੂ ਤੇ ਚੌਧਰੀ ਸੁਰਿੰਦਰ ਸਿੰਘ, ਸਾਬਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ, ਡੀ.ਐਸ.ਪੀ. ਸਰਬਜੀਤ ਸਿੰਘ ਰਾਏ, ਐਨ.ਆਰ.ਆਈ ਸਭਾ ਦੇ ਪ੍ਰਧਾਨ ਕਿਰਪਾਲ ਸਿੰਘ ਸਹੋਤਾ, ਸੁਰਿੰਦਰ ਸਿੰਘ ਭੱਪਾ, ਇਕਬਾਲ ਸਿੰਘ, ਰਣਜੀਤ ਸਿੰਘ ਰਾਣਾ, ਨੱਥਾ ਸਿੰਘ ਗਾਖਲ ਅਤੇ ਹੋਰ ਵੀ ਮੌਜੂਦ ਸਨ।