ਮੋਹਾਲੀ : ਮਾਮੂਲੀ ਝਗੜੇ ਮਗਰੋਂ ਨੌਜਵਾਨ ਨੇ ਦੋਸਤ ਦਾ ਕੀਤਾ ਕਤਲ; ਖੇਤਾਂ ‘ਚ ਅੰਜਾਮ ਦਿੱਤੀ ਵਾਰਦਾਤ

0
527

ਮੋਹਾਲੀ, 14 ਨਵੰਬਰ | ਇਥੇ ਇਕ ਖੌਫਨਾਕ ਵਾਰਦਾਤ ਵਾਪਰੀ ਹੈ। ਜ਼ਿਲ੍ਹੇ ਦੇ ਬਲਾਕ ਮਾਜਰੀ ਦੇ ਪਿੰਡ ਖਿਜਰਾਬਾਦ ‘ਚ ਖੇਤਾਂ ‘ਚ ਕੰਮ ਕਰਨ ਵਾਲੇ ਵਿਅਕਤੀ ਨੇ ਅਪਣੇ ਹੀ ਦੋਸਤ ਦੇ ਸਿਰ ‘ਤੇ ਬੇਲਚੇ ਨਾਲ ਵਾਰ ਕਰਕੇ ਕਤਲ ਕਰ ਦਿੱਤਾ।  ਮੁਲਜ਼ਮ ਦੀ ਪਛਾਣ ਸ਼ੰਕਰ ਵਜੋਂ ਹੋਈ ਹੈ, ਜਦਕਿ ਮ੍ਰਿਤਕ ਦੀ ਪਛਾਣ ਮੁਨੀ ਲਾਲ ਵਜੋਂ ਹੋਈ ਹੈ।

File Photo

ਪਿੰਡ ਖਿਜਰਾਬਾਦ ਵਿਚ ਖੇਤ ਦੇ ਮਾਲਕ ਨੇ ਦੱਸਿਆ ਕਿ ਸ਼ੰਕਰ ਅਤੇ ਮੁਨੀ ਲਾਲ ਦੋਵੇਂ ਪਿੰਡ ‘ਚ ਖੇਤ ਵਿਚ ਲੱਗੇ ਟਿਊਬਵੈੱਲ ’ਤੇ ਰਹਿੰਦੇ ਸਨ ਅਤੇ ਮਜ਼ਦੂਰੀ ਦਾ ਕੰਮ ਕਰਦੇ ਸਨ। ਮ੍ਰਿਤਕ ਰੋਜ਼ਾਨਾ ਸਵੇਰੇ ਉਨ੍ਹਾਂ ਦੇ ਘਰ ਚਾਹ ਪੀਣ ਆਉਂਦਾ ਸੀ ਪਰ ਜਦੋਂ ਉਹ ਸਵੇਰੇ ਚਾਹ ਪੀਣ ਨਾ ਆਇਆ ਤਾਂ ਉਸ ਨੇ ਖੇਤਾਂ ‘ਚ ਜਾ ਕੇ ਦੇਖਿਆ। ਮੁਨੀ ਲਾਲ ਦੀ ਲਾਸ਼ ਟਿਊਬਵੈੱਲ ਦੇ ਕੋਲ ਖੂਨ ਨਾਲ ਲੱਥਪੱਥ ਪਈ ਸੀ।

ਉਸ ਨੇ ਇਸ ਸਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਆਪਣੇ ਕਬਜ਼ੇ ‘ਚ ਲੈ ਕੇ ਸ਼ੰਕਰ ਤੋਂ ਇਸ ਬਾਰੇ ਪੁੱਛਗਿੱਛ ਕੀਤੀ ਪਰ ਉਹ ਟਾਲ-ਮਟੋਲ ਕਰ ਰਿਹਾ ਸੀ। ਜਦੋਂ ਪੁਲਿਸ ਨੇ ਉਸ ਖ਼ਿਲਾਫ ਸਖ਼ਤੀ ਦਿਖਾਈ ਤਾਂ ਉਸ ਨੇ ਆਪਣਾ ਜੁਰਮ ਕਬੂਲ ਕਰ ਲਿਆ। ਪੁਲਿਸ ਨੇ ਉਸ ਖ਼ਿਲਾਫ ਕੇਸ ਦਰਜ ਕਰਕੇ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਕਤਲ ਵਿਚ ਵਰਤੀ ਗਈ ਬੇਲਚਾ ਵੀ ਬਰਾਮਦ ਕਰ ਲਈ ਹੈ।

ਇਸ ਮਾਮਲੇ ਸਬੰਧੀ ਮੋਹਾਲੀ ਪੁਲਿਸ ਥਾਣਾ ਮਾਜਰੀ ਦੇ ਇੰਚਾਰਜ ਇੰਸਪੈਕਟਰ ਯੋਗੇਸ਼ ਕੁਮਾਰ ਨੇ ਦੱਸਿਆ ਕਿ ਪੁਲਿਸ ਆਰੋਪੀ ਤੋਂ ਪੁੱਛਗਿੱਛ ਕਰ ਰਹੀ ਹੈ। ਇਨ੍ਹਾਂ ਦੋਵਾਂ ਵਿਚਾਲੇ ਕੋਈ ਪੁਰਾਣੀ ਦੁਸ਼ਮਣੀ ਨਹੀਂ ਸੀ। ਦੋਵਾਂ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਲੜਾਈ ਹੋਈ, ਜਿਸ ਕਾਰਨ ਸ਼ੰਕਰ ਨੇ ਮੁਨੀ ਲਾਲ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਬਾਕੀ ਪੁੱਛਗਿੱਛ ਪੂਰੀ ਹੋਣ ਤੋਂ ਬਾਅਦ ਹੀ ਸੱਚਾਈ ਸਾਹਮਣੇ ਆਵੇਗੀ। ਪੁਲਿਸ ਨੇ ਆਰੋਪੀ ਨੂੰ ਗ੍ਰਿਫਤਾਰ ਕਰ ਲਿਆ ਹੈ।