ਮੋਗਾ | ਧਰਮਕੋਟ ਦੇ ਪਿੰਡ ਲੋਹਗੜ੍ਹ ਦੇ ਇਕ ਗਰੀਬ ਰਿਕਸ਼ਾ ਚਾਲਕ ਦੀ ਕਿਸਮਤ ਉਸ ਸਮੇਂ ਬਦਲ ਗਈ ਜਦੋਂ ਉਸ ਦਾ 2.5 ਕਰੋੜ ਰੁਪਏ ਦਾ ਵਿਸਾਖੀ ਬੰਪਰ ਨਿਕਲਿਆ। ਰਿਕਸ਼ਾ ਚਾਲਕ ਗੁਰਦੇਵ ਸਿੰਘ ਰਿਕਸ਼ਾ ਚਲਾਉਂਦਾ ਹੈ।ਗੁਰਦੇਵ ਸਿੰਘ ਦੀ ਉਮਰ 90 ਸਾਲ ਹੈ ਅਤੇ ਉਹ ਰਿਕਸ਼ਾ ਚਲਾ ਕੇ ਆਪਣਾ ਗੁਜ਼ਾਰਾ ਕਰਦਾ ਹੈ।
ਇਸ ਦੌਰਾਨ ਗੁਰਦੇਵ ਸਿੰਘ ਨੇ ਦੱਸਿਆ ਕਿ ਉਸ ਨੇ 500 ਰੁਪਏ ਦਾ ਬੰਪਰ ਖਰੀਦਿਆ ਸੀ। ਉਹ ਪਹਿਲਾਂ ਲਾਟਰੀ ਦੀਆਂ ਟਿਕਟਾਂ ਖਰੀਦਦਾ ਸੀ ਪਰ ਉਸ ਨੂੰ ਨਹੀਂ ਪਤਾ ਸੀ ਕਿ ਇਸ ਵਾਰ ਉਸ ਨੇ ਜੋ ਲਾਟਰੀ ਟਿਕਟ ਖਰੀਦੀ ਹੈ, ਉਹ ਉਸ ਨੂੰ ਕਰੋੜਪਤੀ ਬਣਾ ਦੇਵੇਗੀ, ਜਿਸ ਏਜੰਟ ਤੋਂ ਉਸ ਨੇ ਇਹ ਬੰਪਰ ਖਰੀਦਿਆ ਸੀ, ਉਸ ਨੇ ਉਸ ਦੇ ਘਰ ਆ ਕੇ ਦੱਸਿਆ ਕਿ ਉਸ ਨੇ ਢਾਈ ਕਰੋੜ ਰੁਪਏ ਦੀ ਲਾਟਰੀ ਜਿੱਤੀ ਹੈ। ਗੁਰਦੇਵ ਸਿੰਘ ਨੇ ਦੱਸਿਆ ਕਿ ਪਿਛਲੇ 40 ਸਾਲਾਂ ਤੋਂ ਸੜਕ ’ਤੇ ਟੋਇਆਂ ਨੂੰ ਭਰਨ ਲਈ ਮਿੱਟੀ ਦੀ ਵਰਤੋਂ ਕੀਤੀ ਜਾਂਦੀ ਸੀ ਤਾਂ ਜੋ ਕੋਈ ਸੜਕ ਹਾਦਸਾ ਨਾ ਵਾਪਰੇ ਅਤੇ ਇਸ ਦੇ ਨਾਲ ਹੀ ਉਹ ਸੜਕ ਦੇ ਕਿਨਾਰੇ ਪੌਦਿਆਂ ਨੂੰ ਪਾਣੀ ਦਿੰਦੇ ਸਨ।
ਗੁਰਦੇਵ ਸਿੰਘ ਨੇ ਪਿਛਲੇ 40 ਸਾਲਾਂ ਤੋਂ ਜੋ ਸੇਵਾ ਕੀਤੀ, ਅੱਜ ਉਸ ਸੇਵਾ ਦਾ ਫਲ ਉਨ੍ਹਾਂ ਨੂੰ ਮਿਲਿਆ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ 4 ਬੇਟੇ ਅਤੇ ਇਕ ਬੇਟੀ ਹੈ। ਸਾਰੇ ਬੱਚੇ ਵਿਆਹੇ ਹੋਏ ਹਨ। ਉਸ ਨੇ ਕਿਹਾ ਕਿ ਪ੍ਰਮਾਤਮਾ ਨੇ ਉਸ ਦੀ ਸੁਣ ਲਈ ਅਤੇ ਉਸ ਦੀ ਕਿਰਪਾ ਨਾਲ ਅੱਜ ਉਸ ਨੇ ਢਾਈ ਕਰੋੜ ਦੀ ਲਾਟਰੀ ਜਿੱਤੀ ਹੈ। ਗੁਰਦੇਵ ਸਿੰਘ ਨੇ ਕਿਹਾ ਕਿ ਇਸ ਪੈਸੇ ਨਾਲ ਉਹ ਆਪਣੇ ਬੱਚਿਆਂ ਲਈ ਵਧੀਆ ਘਰ ਬਣਾਉਣ ਦੇ ਨਾਲ-ਨਾਲ ਗਰੀਬ ਲੋਕਾਂ ਦੀ ਸੇਵਾ ਕਰਨਗੇ ਅਤੇ ਸਮਾਜ ਦੀ ਸੇਵਾ ਇਸੇ ਤਰ੍ਹਾਂ ਕਰਦੇ ਰਹਿਣਗੇ, ਜਿਸ ਤਰ੍ਹਾਂ ਉਹ ਸੇਵਾ ਕਾਰਜ ਕਰਦੇ ਆ ਰਹੇ ਹਨ। ਗੁਰਦੇਵ ਸਿੰਘ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਸਾਰੇ ਪਰਿਵਾਰ ਇਕੱਠੇ ਰਹਿੰਦੇ ਹਨ, ਜਿਵੇਂ ਉਨ੍ਹਾਂ ਦਾ ਪਿਤਾ ਗੁਰਦੇਵ ਸਿੰਘ ਸੋਚਦਾ ਹੋਵੇਗਾ, ਸਾਰਾ ਪਰਿਵਾਰ ਉਨ੍ਹਾਂ ਦੇ ਨਾਲ ਹੈ।