ਮੋਗਾ, 30 ਸਤੰਬਰ | ਇਥੋਂ ਇਕ ਦੁਖਦਾਈ ਖਬਰ ਸਾਹਮਣੇ ਆਈ ਹੈ। ਔਰਤ ਨੇ ਆਪਣੇ ਪਤੀ ਨਾਲ ਮਿਲ ਕੇ ਪਿਤਾ ਨੂੰ ਝਾਂਸੇ ਵਿਚ ਲੈ ਕੇ 7 ਏਕੜ ਜ਼ਮੀਨ ਤੇ ਮਕਾਨ ਆਪਣੇ ਨਾਂ ਕਰਵਾ ਲਿਆ, ਇਸ ਕਾਰਨ ਪਿਓ ਨੇ ਜ਼ਹਿਰ ਖਾ ਕੇ ਜਾਨ ਦੇ ਦਿੱਤੀ। ਪੁਲਿਸ ਨੇ ਇਸ ਮਾਮਲੇ ਵਿਚ ਮ੍ਰਿਤਕ ਵਿਅਕਤੀ ਦੀ ਧੀ ਤੇ ਜਵਾਈ ਵਿਰੁੱਧ ਗ਼ਬਨ ਦੇ ਦੋਸ਼ਾਂ ਹੇਠ ਕੇਸ ਦਰਜ ਕਰ ਲਿਆ ਹੈ।
ਥਾਣਾ ਸਮਾਲਸਰ ਦੇ ਸਹਾਇਕ ਥਾਣੇਦਾਰ ਹਰਪਾਲ ਸਿੰਘ ਨੇ ਦੱਸਿਆ ਕਿ ਜਸਕਰਨ ਸਿੰਘ ਨਿਵਾਸੀ ਭਲੂਰ ਨੇ 27 ਸਤੰਬਰ ਨੂੰ ਬਿਆਨ ਦਰਜ ਕਰਵਾਏ ਸਨ ਕਿ ਉਸ ਦੀ ਭੈਣ ਛਿੰਦਰਪਾਲ ਤੇ ਜੀਜਾ ਸੁਖਦੇਵ ਸਿੰਘ ਨੇ ਪਿਤਾ ਬਲਵਿੰਦਰ ਸਿੰਘ ਨੂੰ ਝਾਂਸੇ ਵਿਚ ਲੈ ਕੇ ਉਸ ਦੀ 7 ਕਿੱਲੇ ਜ਼ਮੀਨ ਤੇ ਰਿਹਾਇਸ਼ੀ ਮਕਾਨ ਆਪਣੇ ਨਾਂ ਕਰਵਾ ਲਿਆ ਸੀ। ਬਾਅਦ ਵਿਚ ਪਿਤਾ ਨੇ ਖੇਤ ਤੇ ਮਕਾਨ ਦੀ ਕੀਮਤ ਮੰਗੀ ਤਾਂ ਧੀ ਨੇ ਟਾਲ-ਮਟੋਲ ਸ਼ੁਰੂ ਕਰ ਦਿੱਤਾ।
ਸਭ ਕੁਝ ਹੱਥੋਂ ਜਾਂਦਾ ਵੇਖ ਕੇ ਪਿਤਾ ਨੇ ਦੁਖੀ ਹੋ ਕੇ ਜ਼ਹਿਰ ਨਿਗਲ ਲਿਆ। ਹਾਲਤ ਵਿਗੜਣ ’ਤੇ ਪਰਿਵਾਰ ਦੇ ਮੈਂਬਰ ਬਜ਼ੁਰਗ ਪਿਤਾ ਨੂੰ ਮੁਦਕੀ ਵਿਚ ਨਾਗੀ ਹਸਪਤਾਲ ਲੈ ਕੇ ਗਏ। ਹਾਲਤ ਗੰਭੀਰ ਹੋਣ ਕਾਰਨ ਡਾਕਟਰਾਂ ਨੇ ਬਿਰਧ ਵਿਅਕਤੀ ਨੂੰ ਮੈਡੀਕਲ ਕਾਲਜ ਲਈ ਰੈਫਰ ਕਰ ਦਿੱਤਾ, ਜਿਥੇ ਉਨ੍ਹਾਂ ਦਮ ਤੋੜ ਦਿੱਤਾ। ਪੁਲਿਸ ਨੇ ਇਸ ਮਾਮਲੇ ਵਿਚ ਛਿੰਦਰਪਾਲ ਕੌਰ ਤੇ ਉਸ ਦੇ ਪਤੀ ਸੁਖਦੇਵ ਸਿੰਘ ’ਤੇ ਕੇਸ ਦਰਜ ਕਰ ਲਿਆ ਹੈ।