ਮੋਗਾ : ਮੰਦਿਰ ‘ਚ ਦਰਸ਼ਨਾਂ ਲਈ ਲਾਈਨ ‘ਚ ਖੜ੍ਹੇ ਵਿਅਕਤੀ ਨੂੰ ਮਾਰੀ ਗੋਲੀ, ਹੋਇਆ ਜ਼ਖਮੀ

0
1985

ਮੋਗਾ | ਸਾਧਾਂਵਾਲੀ ਬਸਤੀ ਮੋਗਾ ਵਿਚ ਸਥਿਤ ਇਕ ਮੰਦਿਰ ਵਿਚ ਬੀਤੀ ਰਾਤ ਗੋਲ਼ੀ ਲੱਗਣ ਨਾਲ ਰਾਕੇਸ਼ ਧਮੀਜਾ ਨਿਵਾਸੀ ਕੈਂਪ ਭੀਮ ਨਗਰ ਦੇ ਜ਼ਖਮੀ ਹੋਣ ਦਾ ਪਤਾ ਲੱਗਾ ਹੈ, ਜਿਸ ਨੂੰ ਮੋਗਾ ਦੇ ਇਕ ਪ੍ਰਾਈਵੇਟ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਜਾਣਕਾਰੀ ਦਿੰਦਿਆਂ ਰਾਕੇਸ਼ ਧਮੀਜਾ ਨੇ ਦੱਸਿਆ ਕਿ ਉਹ ਕਬਾੜੀਆ ਬਾਜ਼ਾਰ ਵਿਚ ਆਪਣਾ ਕੰਮ ਕਰਦਾ ਹੈ। ਬੀਤੀ ਰਾਤ 8 ਵਜੇ ਦੇ ਕਰੀਬ ਉਹ ਮੰਦਿਰ ਵਿਚ ਮੱਥਾ ਟੇਕਣ ਲਈ ਗਿਆ ਅਤੇ ਜਦੋਂ ਉਹ ਲਾਈਨ ਵਿਚ ਲੱਗਾ ਹੋਇਆ ਸੀ ਤਾਂ ਅਚਾਨਕ ਮੈਨੂੰ ਪਟਾਕੇ ਦੀ ਆਵਾਜ਼ ਸੁਣਾਈ ਦਿੱਤੀ।

ਇਸ ਦੌਰਾਨ ਮੈਨੂੰ ਮਹਿਸੂਸ ਹੋਇਆ ਕਿ ਮੇਰੇ ਪੇਟ ਵਿਚੋਂ ਬਲੱਡ ਨਿਕਲ ਰਿਹਾ ਹੈ, ਜਿਸ ’ਤੇ ਮੈਂ ਤੁਰੰਤ ਬਾਹਰ ਆਇਆ ਅਤੇ ਇਕ ਪ੍ਰਾਈਵੇਟ ਹਸਪਤਾਲ ਵਿਚ ਪੁੱਜਿਆ। ਜਿੱਥੇ ਡਾਕਟਰਾਂ ਨੇ ਉਸਦਾ ਇਲਾਜ ਸ਼ੁਰੂ ਕੀਤਾ ਅਤੇ ਉਸ ਦੇ ਪੇਟ ’ਚੋਂ ਗੋਲੀ ਬਾਹਰ ਕੱਢੀ। ਰਾਕੇਸ਼ ਧਮੀਜਾ ਨੇ ਕਿਹਾ ਕਿ ਮੇਰੀ ਕਿਸੇ ਨਾਲ ਕੋਈ ਰੰਜਿਸ਼ ਜਾਂ ਦੁਸ਼ਮਣੀ ਨਹੀਂ ਹੈ।

ਮੈਨੂੰ ਨਹੀਂ ਪਤਾ ਕਿ ਗੋਲੀ ਕਿਸ ਨੇ ਚਲਾਈ ਹੈ। ਉਸ ਨੇ ਕਿਹਾ ਕਿ ਮੰਦਿਰ ਸੰਚਾਲਕਾਂ ਤੋਂ ਸੀ. ਸੀ. ਟੀ. ਵੀ. ਕੈਮਰਿਆਂ ਨੂੰ ਖੰਗਾਲਣ ਦੀ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਮੰਦਿਰ ਵਿਚ ਕੰਮ ਚੱਲ ਰਿਹਾ ਹੈ, ਇਸ ਲਈ ਕੈਮਰੇ ਬੰਦ ਹਨ। ਜਦੋਂ ਇਸ ਸਬੰਧ ਵਿਚ ਥਾਣਾ ਸਿਟੀ ਦੇ ਇੰਚਾਰਜ ਅਮਨਦੀਪ ਕੰਬੋਜ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਮਾਮਲੇ ਨੂੰ ਗੰਭੀਰਤਾ ਨਾਲ ਲੈ ਰਹੇ ਹਨ ਅਤੇ ਇਲਾਕੇ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਨੂੰ ਖੰਗਾਲ ਰਹੇ ਹਨ ਤਾਂ ਕਿ ਗੋਲੀ ਚੱਲਣ ਦੀ ਘਟਨਾ ਦਾ ਸੁਰਾਗ ਮਿਲ ਸਕੇ। ਉਨ੍ਹਾਂ ਕਿਹਾ ਕਿ ਰਾਕੇਸ਼ ਧਮੀਜਾ ਦੇ ਬਿਆਨ ਦਰਜ ਕਰਨ ਤੋਂ ਬਾਅਦ ਹੀ ਅਗਲੇਰੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜਲਦ ਹੀ ਕੋਈ ਸੁਰਾਗ ਮਿਲ ਜਾਣ ਦੀ ਸੰਭਾਵਨਾ ਹੈ ਪਰ ਅਜੇ ਤੱਕ ਇਹ ਪਤਾ ਨਹੀਂ ਚੱਲ ਸਕਿਆ ਕਿ ਗੋਲੀ ਕਿਸ ਨੇ ਚਲਾਈ ਹੈ।