ਲੁਧਿਆਣਾ ‘ਚ ਨਾਬਾਲਗ ਨਸ਼ਾ ਸਮੱਗਲਰ ਗ੍ਰਿਫਤਾਰ : ਸਵਾ ਕਰੋੜ ਦੀ ਹੈਰੋਇਨ ਬਰਾਮਦ; ਨੌਕਰੀ ਦੀ ਭਾਲ ’ਚ ਗਈ ਸੀ ਚਾਚੀ ਕੋਲ, ਪੈਸਿਆਂ ਲਈ ਬਣ ਗਈ ਸਪਲਾਇਰ

0
769

ਲੁਧਿਆਣਾ। ਲੁਧਿਆਣਾ ਜਿਲ੍ਹੇ ਵਿਚ ਨਸ਼ਾ ਸਮੱਗਲਰਾਂ ਉਤੇ ਸ਼ਿਕੰਜਾ ਕੱਸਦੇ ਹੋਏ ਐੱਸਟੀਐੱਫ ਨੇ ਇਕ ਨਾਬਾਲਗ ਲੜਕੀ ਨੂੰ ਨਸ਼ਾ ਸਮੱਗਲਿੰਗ ਮਾਮਲੇ ਵਿਚ ਨਾਮਜ਼ਦ ਕੀਤਾ ਹੈ। ਜਿਕਰਯੋਗ ਹੈ ਕਿ ਐੱਸਟੀਐੱਫ ਨੂੰ 220 ਗ੍ਰਾਮ ਹੈਰੋਇਨ ਵੀ ਮਿਲੀ ਹੈ। ਮਾਮਲਾ ਜਮਾਲਪੁਰ ਦੇ ਮੁੰਡੀਆਂ ਕਲਾਂ ਇਲਾਕੇ ਦਾ ਹੈ।

ਨਾਬਾਲਗ ਲੜਕੀ ਆਪਣੀ ਚਾਚੀ ਦੇ ਘਰ ਦੇ ਬਾਹਰ ਹੈਰੋਇਨ ਵੇਚਦੀ ਫੜੀ ਗਈ। ਐੱਸਟੀਐੱਫ ਨੇ ਨਾਬਾਲਗ ਦੀ ਸਕੂਟੀ ਦੀ ਤਲਾਸ਼ੀ ਲਈ ਤਾਂ ਡਿੱਗੀ ਵਿਚੋਂ 220 ਗ੍ਰਾਮ ਹੈਰੋਇਨ ਬਰਾਮਦ ਹੋਈ। ਨਾਬਾਲਗ ਨੇ ਕਿਹਾ ਕਿ ਉਹ ਆਪਣੀ ਚਾਚੀ ਕੋਲ ਨੌਕਰੀ ਦੀ ਭਾਲ ਵਿਚ ਆਈ ਸੀ, ਪਰ ਚਾਚੀ ਨੇ ਉਸਨੂੰ ਡਰੱਗ ਸਮੱਗਲਿੰਗ ਵਿਚ ਸ਼ਾਮਲ ਕਰ ਲਿਆ।

ਨਾਬਾਲਗ ਮੁਤਾਬਿਕ ਉਹ ਪੈਸਿਆਂ ਦੇ ਲਾਲਚ ਵਿਚ ਫਸ ਗਈ ਸੀ। ਉਥੇ ਹੀ ਐੱਸਟੀਐੱਫ ਅਧਿਕਾਰੀਆਂ ਮੁਤਾਬਿਕ ਬਰਾਮਦ ਹੈਰੋਇਨ ਦੀ ਕੀਮਤ ਕੌਮਾਂਤਰੀ ਬਾਜਾਰ ਵਿਚ 1.25 ਕਰੋੜ ਰੁਪਏ ਹੈ। ਨਾਬਾਲਗ ਤੇ ਉਸਦੀ ਚਾਚੀ ਸਲੀਮਾ ਰਾਣੀ ਉਰਫ ਸਿੰਮੀ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ। ਐੱਸਟੀਐੱਫ ਲੁਧਿਆਣਾ ਦੇ ਮੁਖੀ ਹਰਬੰਸ ਸਿੰਘ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਅਧਾਰ ਉਤੇ ਲੜਕੀ ਨੂੰ ਕਾਬੂ ਕੀਤਾ ਗਿਆ ਹੈ।

ਪੁੱਛਗਿੱਛ ਵਿਚ ਲੜਕੀ ਨੇ ਦੱਸਿਆ ਕਿ ਉਹ ਹਾਥੂਰ ਦੇ ਚੱਕਰ ਪਿੰਡ ਦੀ ਰਹਿਣ ਵਾਲੀ ਹੈ। 12ਵੀਂ ਪਾਸ ਕਰਨ ਦੇ ਬਾਅਦ ਉਹ ਆਪਣੀ ਚਾਚੀ ਕੋਲ ਨੌਕਰੀ ਲਈ ਆਈ ਸੀ ਪਰ ਉਸਦੀ ਚਾਚੀ ਨੇ ਉਸਨੂੰ ਡਰੱਗ ਸਪਲਾਈ ਦੀ ਚੇਨ ਵਿਚ ਸ਼ਾਮਲ ਕਰ ਲਿਆ। ਨਾਬਾਲਗ ਲੜਕੀ ਤੇ ਉਸਦੀ ਚਾਚੀ ਖਿਲਾਫ ਐੱਨਡੀਪੀਐੱਸ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।