ਨਵੀਂ ਦਿੱਲੀ | ਅੱਜ ਤੋਂ ਦਹੀਂ, ਲੱਸੀ, ਪਨੀਰ ਤੇ ਮੱਖਣ ਮਹਿੰਗੇ ਹੋ ਗਏ ਹਨ। ਵਧੀਆ ਕੀਮਤਾਂ ਨਾਲ ਆਮ ਲੋਕਾਂ ਦੀ ਜੇਬ ਤੇ ਅਸਰ ਪਵੇਗਾ। ਇਹ ਫੈਸਲਾ ਜੀਐਸਟੀ ਕੌਂਸਲ ਦੀ 47ਵੀਂ ਮੀਟਿੰਗ ਵਿੱਚ ਲਿਆ ਗਿਆ ਹੈ। ਮੀਟਿੰਗ ਵਿੱਚ ਜੀਐਸਟੀ ਦਰ ਵਿੱਚ ਵਾਧਾ ਕਰਨ ਦਾ ਫੈਸਲਾ ਲਿਆ ਗਿਆ ਹੈ ਤੇ ਇਹ ਵਾਧਾ ਸੋਮਵਾਰ 18 ਜੁਲਾਈ ਤੋਂ ਲਾਗੂ ਹੋਵੇਗਾ। ਇਸ ਨਾਲ ਆਮ ਆਦਮੀ ਦੀ ਰਸੋਈ ਦਾ ਬਜਟ ਖਰਾਬ ਹੋ ਰਿਹਾ ਹੈ। ਜੀਐਸਟੀ ਦਰਾਂ ਵਿੱਚ ਵਾਧੇ ਕਾਰਨ ਦਹੀਂ, ਲੱਸੀ, ਚੌਲਾਂ ਸਮੇਤ ਕਈ ਜ਼ਰੂਰੀ ਵਸਤਾਂ ਮਹਿੰਗੀਆਂ ਹੋ ਸਕਦੀਆਂ ਹਨ।
GST ਦੀਆਂ ਦਰਾਂ ਵਧਣ ਦਾ ਸਿੱਧਾ ਅਸਰ ਪੈਕਡ ਦਹੀਂ, ਲੱਸੀ, ਪਨੀਰ ਅਤੇ ਮੱਖਣ ਵਰਗੇ ਉਤਪਾਦਾਂ ‘ਤੇ ਦੇਖਣ ਨੂੰ ਮਿਲੇਗਾ। ਇਨ੍ਹਾਂ ‘ਤੇ 18 ਜੁਲਾਈ ਤੋਂ 5% ਜੀਐਸਟੀ ਲੱਗੇਗਾ। ਹੁਣ ਤੱਕ ਇਨ੍ਹਾਂ ਚੀਜ਼ਾਂ ‘ਤੇ ਕੋਈ ਜੀਐਸਟੀ ਨਹੀਂ ਲਗਾਇਆ ਗਿਆ ਸੀ। ਇੰਨਾ ਹੀ ਨਹੀਂ ਚੌਲ, ਕਣਕ, ਆਟਾ ਆਦਿ ਦੀ ਪੈਕਿੰਗ ਅਤੇ ਲੇਬਲਿੰਗ ‘ਤੇ ਵੀ ਜੀਐੱਸਟੀ ਲੱਗੇਗਾ, ਜਿਸ ਕਾਰਨ ਇਨ੍ਹਾਂ ਰੋਜ਼ਾਨਾ ਦੀਆਂ ਜ਼ਰੂਰੀ ਵਸਤਾਂ ਦੀ ਕੀਮਤ ਵਧ ਜਾਵੇਗੀ।
ਜੀਐਸਟੀ ਕੌਂਸਲ ਵੱਲੋਂ ਕਈ ਹੋਰ ਚੀਜ਼ਾਂ ‘ਤੇ ਦਰਾਂ ਵਧਾ ਦਿੱਤੀਆਂ ਗਈਆਂ ਹਨ। ਬੈਂਕ ਵੱਲੋਂ ਚੈੱਕ ਜਾਰੀ ਕਰਨ ‘ਤੇ 18 ਫੀਸਦੀ ਜੀਐਸਟੀ ਲਗਾਇਆ ਜਾਵੇਗਾ। ਇੰਨਾ ਹੀ ਨਹੀਂ ਐਲਈਡੀ ਲਾਈਟਾਂ ਅਤੇ ਐਲਈਡੀ ਲੈਂਪਾਂ ‘ਤੇ ਜੀਐਸਟੀ ਵੀ 12 ਫੀਸਦੀ ਤੋਂ ਵਧਾ ਕੇ 18 ਫੀਸਦੀ ਕਰ ਦਿੱਤਾ ਗਿਆ ਹੈ। ਯਾਨੀ ਰੋਜ਼ਾਨਾ ਦੀਆਂ ਚੀਜ਼ਾਂ ਤੋਂ ਇਲਾਵਾ ਹੁਣ ਤੁਹਾਨੂੰ ਇਨ੍ਹਾਂ ਚੀਜ਼ਾਂ ਲਈ ਵੀ ਜ਼ਿਆਦਾ ਪੈਸੇ ਦੇਣੇ ਪੈਣਗੇ। ਜੀਐਸਟੀ ਕੌਂਸਲ ਨੇ ਕਈ ਚੀਜ਼ਾਂ ਉੱਤੇ ਜੀਐਸਟੀ ਵਧਾ ਦਿੱਤਾ ਹੈ।