ਕਰਫਿਊ ਦੌਰਾਨ ਪਟਿਆਲਾ ‘ਚ ਫਸੇ 3 ਸਾਲ ਦੇ ਬੱਚੇ ਮਯੰਕਵੀਰ ਨੂੰ ਮਾਪਿਆਂ ਕੋਲ ਜੰਮੂ ਪਹੁੰਚਾਇਆ

    0
    469

    ਜ਼ਿਲ੍ਹਾ ਬਾਲ ਭਲਾਈ ਕਮੇਟੀ ਨੇ ਮਾਪਿਆਂ ਤੱਕ ਬੱਚੇ ਨੂੰ ਕੀਤਾ ਪੁੱਜਦਾ, ਮਾਪਿਆਂ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੀ ਸ਼ਲਾਘਾ


    ਪਟਿਆਲਾ. ਪਟਿਆਲਾ ਦੀ ਬਾਲ ਭਲਾਈ ਕਮੇਟੀ ਨੇ ਕੋਰੋਨਾਵਾਇਰਸ ਕਰਕੇ ਪੰਜਾਬ ਵਿੱਚ ਕਰਫਿਊ ਕਰਕੇ ਪਟਿਆਲਾ ‘ਚ ਫਸੇ ਜੰਮੂ ਦੇ ਇੱਕ 3 ਸਾਲਾ ਬੱਚੇ ਨੂੰ ਜੰਮੂ ਦੇ ਕਠੂਆ ਦੀ ਬਾਲ ਭਲਾਈ ਕਮੇਟੀ ਦੇ ਸਹਿਯੋਗ ਨਾਲ ਉਸਦੇ ਮਾਪਿਆਂ ਤੱਕ ਪੁੱਜਦਾ ਕੀਤਾ ਹੈ। ਡਿਪਟੀ ਕਮਿਸ਼ਨਰ ਕੁਮਾਰ ਅਮਿਤ ਨੇ ਦੱਸਿਆ ਕਿ ਜੰਮੂ ਦੇ ਕਠੂਆ ਦਾ ਇਹ 3 ਸਾਲਾ ਬੱਚਾ ਮਯੰਕਵੀਰ ਪਟਿਆਲਾ ਦੇ ਅਰਬਨ ਅਸਟੇਟ ਫੇਜ਼-2 ਵਿਖੇ ਆਪਣੇ ਨਾਨਕੇ ਆਇਆ ਹੋਇਆ ਸੀ ਪਰੰਤੂ ਇਸੇ ਦੌਰਾਨ ਕਰਫਿਊ ਲੱਗ ਗਿਆ ਅਤੇ ਮਗਰੋਂ ਲਾਕਡਾਊਨ ਲਾਗੂ ਹੋ ਗਿਆ।

    • ਉਨ੍ਹਾਂ ਦੱਸਿਆ ਕਿ ਇਸ ਬੱਚੇ ਦੀ ਮਾਂ ਪੁਨੀਤ ਕੌਰ ਜੰਮੂ ਦੇ ਕਠੂਆ ਵਿਖੇ ਹੀ ਰਹਿ ਰਹੀ ਹੈ ਜਦਕਿ ਉਸਦਾ ਪਿਤਾ ਅਜੀਤ ਸਿੰਘ ਗਵਾਲੀਅਰ ਵਿਖੇ ਕੇਨਰਾ ਬੈਂਕ ਵਿਖੇ ਕਾਰਜਸ਼ੀਲ ਹੈ। ਇਸ ਬੱਚੇ ਦੇ ਨਾਨਕਿਆਂ ਅਤੇ ਮਾਤਾ ਵੱਲੋਂ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਦੇ ਦਫ਼ਤਰ ਵਿਖੇ ਫੋਨ ਕਰਕੇ ਪਹੁੰਚ ਕੀਤੀ ਗਈ ਸੀ ਅਤੇ ਇਸ ਬੱਚੇ ਨੂੰ ਇਸਦੀ ਮਾਤਾ ਕੋਲ ਪੁੱਜਦਾ ਕਰਨ ਲਈ ਕਿਹਾ ਸੀ।

    ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਹਾਇਕ ਕਮਿਸ਼ਨਰ (ਜ) ਡਾ. ਇਸਮਤ ਵਿਜੇ ਸਿੰਘ ਨੇ ਇਸ ਬੱਚੇ ਨੂੰ ਕਠੂਆ ਇਸ ਦੀ ਮਾਤਾ ਕੋਲ ਭੇਜਣ ਲਈ ਪਟਿਆਲਾ ਦੀ ਬਾਲ ਭਲਾਈ ਕਮੇਟੀ ਦੇ ਸਹਿਯੋਗ ਨਾਲ ਕਠੂਆ ਦੀ ਬਾਲ ਭਲਾਈ ਕਮੇਟੀ ਨਾਲ ਤਾਲਮੇਲ ਕਰਕੇ ਅੰਤਰ ਰਾਜੀ ਪਾਸ ਮੁਹੱਈਆ ਕਰਵਾਏ।

    • ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਗੁਲਬਹਾਰ ਸਿੰਘ ਤੂਰ ਅਤੇ ਜ਼ਿਲ੍ਹਾ ਬਲ ਸੁਰੱਖਿਆ ਅਫ਼ਸਰ ਰੂਪਵੰਤ ਕੌਰ ਨੇ ਇਸ ਬੱਚੇ ਦੇ ਕਠੂਆ ਜਾਣ ਲਈ ਪ੍ਰਬੰਧ ਕੀਤੇ ਅਤੇ ਇਹ ਬੱਚਾ ਮਯੰਕਵੀਰ ਸਿੰਘ ਆਪਣੇ ਮਾਪਿਆਂ ਤੱਕ ਪੁੱਜ ਗਿਆ।

    ਇਸ ਬੱਚੇ ਦੇ ਜੰਮੂ ਦੀ ਸਰਹੱਦ ‘ਤੇ ਪੁੱਜਣ ‘ਤੇ ਪਹਿਲਾਂ ਜੰਮੂ ਦੇ ਪ੍ਰਸ਼ਾਸਨ ਵੱਲੋਂ ਬੱਚੇ ਦਾ ਮੈਡੀਕਲ ਕਰਵਾਇਆ ਗਿਆ ਅਤੇ ਲੋੜੀਂਦੀ ਕਾਰਵਾਈ ਮੁਕੰਮਲ ਕਰਨ ਤੋਂ ਬਾਅਦ ਇਸ ਨੂੰ ਬੱਚੇ ਦੀ ਮਾਤਾ ਪੁਨੀਤ ਕੌਰ ਨੂੰ ਸੌਂਪ ਦਿੱਤਾ ਗਿਆ। ਇਸ ‘ਤੇ ਪੁਨੀਤ ਕੌਰ ਨੇ ਪਟਿਆਲਾ ਜ਼ਿਲ੍ਹਾ ਪ੍ਰਸਾਸਨ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਡਿਪਟੀ ਕਮਿਸ਼ਨਰ ਕੁਮਾਰ ਅਮਿਤ, ਜ਼ਿਲ੍ਹਾ ਬਾਲ ਭਲਾਈ ਕਮੇਟੀ ਅਤੇ ਸਮੁੱਚੀ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਦੀ ਟੀਮ ਦਾ ਧੰਨਵਾਦ ਕੀਤਾ।