ਚੰਡੀਗੜ੍ਹ, 22 ਅਕਤੂਬਰ | ਕੈਨੇਡਾ ਤੇ ਭਾਰਤ ਵਿਚਾਲੇ ਵਿਵਾਦ ਕਾਰਨ ਕੈਨੇਡਾ ਵੱਲੋਂ ਆਪਣੇ 41 ਡਿਪਲੋਮੈਟਾਂ ਨੂੰ ਵਾਪਸ ਬੁਲਾਉਣ ਮਗਰੋਂ ਪੰਜਾਬ ਦੇ ਹਜ਼ਾਰਾਂ ਵੀਜ਼ੇ ਫਸ ਸਕਦੇ ਹਨ। ਪੰਜਾਬ ਤੋਂ ਕੈਨੇਡਾ ਜਾਣ ਵਾਲੇ ਵਿਦਿਆਰਥੀਆਂ ਨੂੰ ਇਸ ਦਾ ਖਮਿਆਜ਼ਾ ਭੁਗਤਣਾ ਪੈ ਸਕਦਾ ਹੈ। ਪੰਜਾਬ ਤੋਂ ਹਰ ਸਾਲ ਲਗਭਗ ਪੌਣੇ 2 ਲੱਖ ਲੋਕ ਕੈਨੇਡਾ ਵਿਚ ਸਟੱਡੀ ਤੇ ਟੂਰਿਸਟ ਵੀਜ਼ੇ ਦੇ ਜ਼ਰੀਏ ਜਾਂਦੇ ਹਨ। ਹੁਣ ਚੰਡੀਗੜ੍ਹ ਦਫਤਰ ਵਿਚ ਮੈਨੂਅਲ ਵੀਜ਼ੇ ਦਾ ਕੰਮ ਬੰਦ ਕਰ ਦਿੱਤਾ ਗਿਆ ਹੈ, ਜਿਸ ਦਾ ਸਿੱਧਾ ਅਸਰ ਪੰਜਾਬ ਦੇ ਲੋਕਾਂ ‘ਤੇ ਹੋਣਾ ਤੈਅ ਹੈ।
ਭਾਰਤ ਵਿਚ ਆਪਣੇ ਕਾਮਿਆਂ ਦੀ ਗਿਣਤੀ ਘੱਟ ਕਰਨ ਦੇ ਕੈਨੇਡਾ ਦੇ ਕਦਮ ਤੋਂ ਬਾਅਦ ਹਜ਼ਾਰਾਂ ਮਾਪੇ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਚਿੰਤਤ ਹਨ ਜੋ ਆਪਣੇ ਬੱਚਿਆਂ ਨੂੰ ਕੈਨੇਡਾ ਦੀਆਂ ਯੂਨੀਵਰਸਿਟੀਆਂ ਵਿਚ ਦਾਖਲਾ ਲੈਣ ਦੀ ਤਿਆਰੀ ਕਰ ਰਹੇ ਹਨ। ਕਪੂਰਥਲਾ ਸਥਿਤ ਵੀਜ਼ਾ ਕੰਸਲਟੈਂਟ ਦਲਜੀਤ ਸਿੰਘ ਸੰਧੂ ਨੇ ਕਿਹਾ ਕਿ ਵੀਜ਼ਾ ਅਰਜ਼ੀਆਂ ਦੀ ਪ੍ਰਕਿਰਿਆ ਵਿਚ ਦੇਰੀ ਹੋਣ ਵਾਲੀ ਹੈ। ਪ੍ਰੋਸੈਸਿੰਗ ਦਾ ਕੰਮ ਜ਼ਿਆਦਾ ਹੋ ਸਕਦਾ ਹੈ ਤੇ ਇਸ ਵਿਚ ਹੁਣ ਲਗਭਗ 3 ਮਹੀਨੇ ਲੱਗ ਸਕਦੇ ਹਨ। ਆਮ ਤੌਰ ‘ਤੇ ਵੀਜ਼ਾ ਅਰਜ਼ੀ ਦੀ ਪ੍ਰਕਿਰਿਆ ਵਿਚ ਲਗਭਗ ਇਕ ਮਹੀਨੇ ਦਾ ਸਮਾਂ ਲੱਗਦਾ ਹੈ।
ਇਕ ਹੋਰ ਸਲਾਹਕਾਰ ਮੁਤਾਬਕ ਕਈ ਸੰਭਾਵਿਤ ਵਿਦਿਆਰਥੀਆਂ ਦੇ ਮਾਤਾ-ਪਿਤਾ ਦੇ ਮਨ ਵਿਚ ਪਹਿਲਾਂ ਤੋਂ ਹੀ ਕਈ ਸੋਸ਼ਲ ਮੀਡੀਆ ਪੋਸਟ ਦੇ ਬਾਅਦ ਆਪਣੇ ਬੱਚਿਆਂ ਨੂੰ ਕੈਨੇਡਾ ਭੇਜਣ ਨੂੰ ਲੈ ਕੇ ਡਰ ਹੈ, ਜਿਸ ਵਿਚ ਦਾਅਵਾ ਕੀਤਾ ਗਿਆ ਹੈ ਕਿ ਉਸ ਦੇਸ਼ ਵਿਚ ਕੋਈ ਨੌਕਰੀਆਂ ਨਹੀਂ ਹਨ। ਫਿਲਹਾਲ ਕੈਨੇਡਾ ਵਿਚ 3.4 ਲੱਖ ਭਾਰਤੀ ਵਿਦਿਆਰਥੀ ਪੜ੍ਹਾਈ ਕਰ ਰਹੇ ਹਨ। ਇਨ੍ਹਾਂ ਸਾਰਿਆਂ ਨੂੰ ਵੀਜ਼ਾ ਚੰਡੀਗੜ੍ਹ ਦਫਤਰ ਤੋਂ ਹੀ ਮਿਲ ਜਾਂਦਾ ਸੀ।