ਆਬਕਾਰੀ ਨੀਤੀ ਮਾਮਲੇ ‘ਚ ਮਨੀਸ਼ ਸਿਸੋਦੀਆ 20 ਮਾਰਚ ਤੱਕ ਨਿਆਇਕ ਹਿਰਾਸਤ ‘ਚ

0
128

ਨਵੀਂ ਦਿੱਲੀ| ਸੀਬੀਆਈ ਨੇ ਆਬਕਾਰੀ ਨੀਤੀ ਮਾਮਲੇ ਵਿਚ ਆਮ ਆਦਮੀ ਪਾਰਟੀ ਦੇ ਨੇਤਾ ਤੇ ਦਿੱਲੀ ਦੇ ਸਾਬਕਾ ਡਿਪਟੀ ਸੀਐੱਮ ਮਨੀਸ਼ ਸਿਸੋਦੀਆ ਨੂੰ ਅਦਾਲਤ ਵਿਚ ਪੇਸ਼ ਕੀਤਾ। ਕੋਰਟ ਨੇ ਸਿਸੋਦੀਆ ਦੀ ਨਿਆਇਕ ਹਿਰਾਸਤ 20 ਮਾਰਚ ਤੱਕ ਵਧਾਈ ਹੈ। ਸਿਸੋਦੀਆ ਦੇ ਵਕੀਲ ਨੇ ਨਿਆਇਕ ਹਿਰਾਸਤ ਦੀ ਮਿਆਦ ਦੌਰਾਨ ਉੁਨ੍ਹਾਂ ਨੂੰ ਐਨਕ, ਡਾਇਰੀ, ਪੈੱਨ ਤੇ ਗੀਤਾ ਲਿਜਾਣ ਲਈ ਅਦਾਲਤ ਦੀ ਇਜਾਜ਼ਤ ਮੰਗੀ।

ਕੋਰਟ ਦੀ ਸੁਣਵਾਈ ਦੇ ਬਾਅਦ ਆਪ ਦੇ ਵਕੀਲ ਸੋਮਨਾਥ ਭਾਰਤੀ ਨੇ ਕਿਹਾ ਕਿ ਸੀਬੀਆਈ ਨੇ ਇਹ ਮੰਨ ਲਿਆ ਹੈ ਕਿ ਸਿਸੋਦੀਆ ਕੋਲ ਕੁਝ ਨਹੀਂ ਹੈ। ਪ੍ਰਕਿਰਿਆ ਤਹਿਤ 10 ਮਾਰਚ ਨੂੰ ਜ਼ਮਾਨਤ ਪਟੀਸ਼ਨ ‘ਤੇ ਸੁਣਵਾਈ ਹੈ। ਸਿਸੋਦੀਆ ਨੂੰ 20 ਮਾਰਚ ਤੱਕ ਨਿਆਇਕ ਹਿਰਾਸਤ ਵਿਚ ਰੱਖਿਆ ਜਾਵੇਗਾ।

ਵਕੀਲ ਨੇ ਦੱਸਿਆ ਕਿ ਵਿਪਸ਼ਯਨਾ ਸੈੱਲ ਦੀ ਉਨ੍ਹਾਂ ਦੀ ਮੰਗ ਨੂੰ ਕੋਰਟ ਨੇ ਮਨਜ਼ੂਰ ਕੀਤਾ ਤੇ ਭਾਗਵਤ ਗੀਤਾ, ਡਾਇਰੀ, ਪੈੱਨ ਤੇ ਐਨਕ ਦੀ ਮੰਗ ਕੀਤੀ ਗਈ ਸੀ, ਉਸ ਨੂੰ ਵੀ ਮੰਨਿਆ ਗਿਆ ਹੈ। ਉਨ੍ਹਾਂ ਕਿਹਾ ਕਿ ਅੱਜ ਕੋਰਟ ਅੰਦਰ ਇਕ ਅਜੀਬ ਜਿਹੀ ਸਥਿਤੀ ਬਣੀ ਸੀ ਜਿਸ ਵਿਚ ਸੀਬੀਆਈ ਦੇ ਵਕੀਲ ਨੇ ਕਿਹਾ ਕਰਦੇ ਤੁਸੀਂ ਹੋ ਤੇ ਬਦਨਾਮੀ ਸਾਡੀ ਹੋ ਰਹੀ ਹੈ। ਸੀਬੀਆਈ ਨੂੰ ਇਸ ਦਾ ਅਹਿਸਾਸ ਹੋ ਗਿਆ ਹੈ ਕਿ ਕਿਸ ਤਰ੍ਹਾਂ ਉਹ ਸਿਆਸੀ ਦਬਾਅ ਵਿਚ ਗਲਤ ਕੰਮ ਕਰ ਰਹੇ ਹਨ।

ਸੀਬੀਆਈ ਦੇ ਵਕੀਲ ਨੇ ਕਿਹਾ ਕਿ ਅਸੀਂ ਹੋਰ ਰਿਮਾਂਡ ਨਹੀਂ ਮੰਗ ਰਹੇ ਹਾਂ ਪਰ ਅਗਲੇ 15 ਦਿਨਾਂ ਵਿਚ ਅਸੀਂ ਇਸ ਦੀ ਮੰਗ ਕਰ ਸਕਦੇ ਹਾਂ। ਸੀਬੀਆਈ ਨੇ ਅਦਾਲਤ ਵਿਚ ਆਪ ਸਮਰਥਕਾਂ ‘ਤੇ ਮਾਮਲੇ ਦਾ ਸਿਆਸੀਕਰਨ ਕਰਨ ਦਾ ਦੋਸ਼ ਲਗਾਇਆ।

ਸੀਬੀਆਈ ਦੇ ਵਕੀਲ ਨੇ ਕਿਹਾ ਕਿ ਤਲਾਸ਼ੀ ਲਈ ਗਈ, ਵਾਰੰਟ ਲਿਆ ਗਿਆ, ਮੁਲਜ਼ਮ ਨੂੰ ਕੋਰਟ ਵਿਚ ਪੇਸ਼ ਕੀਤਾ ਗਿਆ ਤੇ ਕੋਰਟ ਨੂੰ ਹਰ ਗੱਲ ਦੀ ਜਾਣਕਾਰੀ ਦਿੱਤੀ ਜਾ ਰਹੀ ਹੈ।