ਲੁਧਿਆਣਾ ‘ਚ ਵੱਡੀ ਵਾਰਦਾਤ : ਡੇਅਰੀ ਸੰਚਾਲਕ ਤੇ ਉਸ ਦੇ ਨੌਕਰ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ

0
448

ਲੁਧਿਆਣਾ | ਇਥੇ ਦੇਰ ਰਾਤ 2 ਲੋਕਾਂ ਦਾ ਕਤਲ ਕਰ ਦਿੱਤਾ ਗਿਆ। ਸੂਆ ਰੋਡ ‘ਤੇ ਪੈਂਦੇ ਪਿੰਡ ਬੁਲਾਰਾ ‘ਚ ਦੇਰ ਰਾਤ ਕਰੀਬ ਡੇਢ ਵਜੇ ਡੇਅਰੀ ਸੰਚਾਲਕ ਅਤੇ ਉਸ ਦੇ ਨੌਕਰ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ।

ਪੀੜਤ ਪਰਿਵਾਰ ਨੇ ਦੱਸਿਆ ਕਿ ਜੋਤਰਾਮ ਦੇਰ ਰਾਤ ਆਪਣੇ ਕਮਰੇ ‘ਚ ਸੁੱਤਾ ਪਿਆ ਸੀ। ਜਦੋਂ ਬਾਕੀ ਲੋਕ ਸਵੇਰੇ ਉੱਠੇ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਜੋਤਰਾਮ ਦਾ ਕਤਲ ਹੋ ਗਿਆ ਹੈ। ਉਸ ਦੇ ਨੌਕਰ ਭਗਵੰਤ ਸਿੰਘ ਦੀ ਲਾਸ਼ ਪਸ਼ੂਆਂ ਦੇ ਸ਼ੈੱਡ ਦੇ ਹੇਠਾਂ ਪਈ ਸੀ।

ਪੀੜਤ ਪਰਿਵਾਰ ਨੂੰ ਸ਼ੱਕ ਹੈ ਕਿ ਉਨ੍ਹਾਂ ਦੇ ਕਿਸੇ ਹੋਰ ਨੌਕਰ ਨੇ ਕਤਲ ਨੂੰ ਅੰਜਾਮ ਦਿੱਤਾ ਹੈ। ਸਵੇਰੇ ਜਦੋਂ ਲੋਕਾਂ ਨੇ ਡੇਅਰੀ ਤੋਂ ਜੋਤਰਾਮ ਦੇ ਪੁੱਤਰ ਤਰਸੇਮ ਨੂੰ ਫੋਨ ਕਰ ਕੇ ਘਟਨਾ ਦੀ ਸੂਚਨਾ ਦਿੱਤੀ ਤਾਂ ਉਹ ਮੌਕੇ ‘ਤੇ ਪਹੁੰਚ ਗਿਆ। ਉਸ ਨੇ ਦੇਖਿਆ ਕਿ ਪਿਤਾ ਜੋਤਰਾਮ ਖੂਨ ਨਾਲ ਲੱਥਪੱਥ ਪਿਆ ਸੀ ਅਤੇ ਉਸ ਦਾ ਪੁਰਾਣਾ ਨੌਕਰ ਭਗਵੰਤ ਸਿੰਘ ਵੀ ਕੁਝ ਦੂਰੀ ‘ਤੇ ਮਰਿਆ ਪਿਆ ਸੀ।

ਜੋਤਰਾਮ ਕੋਲ ਕਰੀਬ 4500 ਰੁਪਏ ਸਨ। ਪੁਲਿਸ ਨੇ ਸਵੇਰੇ ਮੌਕਾ ਦੇਖਿਆ ਤਾਂ ਜੋਤਰਾਮ ਕੋਲ ਉਹ ਪੈਸੇ ਨਹੀਂ ਸਨ। ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਕਾਤਲ ਨੇ 4500 ਰੁਪਏ ਚੋਰੀ ਕਰ ਲਏ ਹਨ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ‘ਚ ਜੁਟੀ ਹੋਈ ਹੈ।