ਗੁਰਾਇਆ/ਫਿਲੌਰ। ਬੀਤੀ ਦੇਰ ਸ਼ਾਮ 7 ਵਜੇ ਦੇ ਕਰੀਬ ਹਲਕਾ ਫਿਲੌਰ ਦੇ ਥਾਣਾ ਗੁਰਾਇਆ ਦੇ ਪਿੰਡ ਦੁਸਾਂਝ ਕਲਾਂ ਵਿਖੇ ਤੇਜ਼ਧਾਰ ਹਥਿਆਰਾਂ ਨਾਲ ਲੈਸ ਹਮਲਾਵਾਰਾਂ ਨੇ ਦੁਕਾਨ ਅੰਦਰ ਦਾਖਲ ਹੋ ਕੇ ਇਕ ਦੁਕਾਨਦਾਰ ’ਤੇ ਹਮਲਾ ਕਰਕੇ ਉਸ ਨੂੰ ਗੰਭੀਰ ਰੂਪ ਵਿਚ ਜਖਮੀ ਕਰ ਦਿੱਤਾ।
ਜ਼ਖਮੀ ਨੂੰ ਜਲੰਧਰ ਦੇ ਹਸਪਤਾਲ ਵਿਚ ਇਲਾਜ ਲਈ ਦਾਖਲ ਕਰਵਾਇਆ ਗਿਆ। ਇਸ ਵਾਰਦਾਤ ਤੋਂ ਬਾਅਦ ਗੁੱਸੇ ਵਿਚ ਆਏ ਦੁਕਾਨਦਾਰ ਭਾਈਚਾਰੇ ਵਲੋਂ ਅੱਜ ਦੁਕਾਨਾਂ ਬੰਦ ਕਰਕੇ ਦੁਸਾਂਝ ਕਲਾਂ ਬੱਸ ਅੱਡੇ ਵਿਚ ਰੋਸ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਜੇਕਰ ਦੋ ਦਿਨਾਂ ਵਿਚ ਹਮਲਾਵਰਾਂ ਨੂੰ ਨਾ ਫੜਿਆ ਗਿਆ ਤਾਂ ਉਹ ਤਿੱਖਾ ਸੰਘਰਸ਼ ਕਰਨਗੇ।
ਉਧਰ ਜ਼ਖਮੀ ਗੌਰਵ ਉਰਫ ਗੋਰਾ ਦੇ ਪਿਤਾ ਮਲਕੀਤ ਰਾਮ ਵਾਸੀ ਪਿੰਡ ਲਾਦੀਆਂ ਨੇ ਫੋਨ ’ਤੇ ਦੱਸਿਆ ਕਿ ਉਨ੍ਹਾਂ ਦੀ ਲੰਮੇ ਸਮੇਂ ਤੋਂ ਬੱਸ ਅੱਡਾ ਦੁਸਾਂਝ ਕਲਾਂ ਵਿਖੇ ਸਕੂਟਰ ਮੋਟਰਸਾਇਕਲ ਮੁਰੰਮਤ ਦੀ ਦੁਕਾਨ ਹੈ। ਬੀਤੀ ਸ਼ਾਮ ਉਹ ਆਪਣੀ ਦੁਕਾਨ ’ਤੇ ਕੰਮ ਕਰ ਰਹੇ ਸਨ, ਜਿਥੇ ਹਮਲਾਵਾਰਾਂ ਨੇ ਆ ਕੇ ਹਮਲਾ ਕਰ ਦਿੱਤਾ। ਉਨ੍ਹਾਂ ਦੇ ਪੁੱਤਰ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ, ਜੋ ਕਿ ਜਲੰਧਰ ਹਸਪਤਾਲ ਵਿਖੇ ਦਾਖਲ ਹੈ।
ਇਸ ਬਾਬਤ ਚੌਂਕੀ ਇੰਚਾਰਜ ਗੁਰਸ਼ਰਨ ਸਿੰਘ ਨਾਲ ਫ਼ੋਨ ’ਤੇ ਸੰਪਰਕ ਕਰਨ ’ਤੇ ਉਨ੍ਹਾਂ ਕਿਹਾ ਕਿ ਉਹ ਅਦਾਲਤ ’ਚ ਆਏ ਹੋਏ ਸਨ। ਜਿਸ ਤੋਂ ਬਾਅਦ ਹਸਪਤਾਲ ਜ਼ਖਮੀ ਨੌਜਵਾਨ ਦੇ ਬਿਆਨ ਲੈਣ ਲਈ ਗਏ ਸਨ ਪਰ ਉਸਦੀ ਹਾਲਤ ਠੀਕ ਨਾ ਹੋਣ ਕਰਕੇ ਬਿਆਨ ਨਹੀਂ ਹੋ ਸਕੇ। ਉਨ੍ਹਾਂ ਕਿਹਾ ਕਿ ਨੌਜਵਾਨਾਂ ਦੀ ਆਪਸੀ ਪੁਰਾਣੀ ਰੰਜਿਸ਼ ਹੈ ਜਿਸ ਕਰਕੇ ਇਹ ਹਮਲਾ ਕੀਤਾ ਗਿਆ ਹੈ। ਜ਼ਖਮੀ ਨੌਜਵਾਨ ਦੇ ਬਿਆਨਾਂ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।