ਕੈਨੇਡਾ ’ਚ ਲੁਧਿਆਣਾ ਦੇ ਨੌਜਵਾਨ ਦੀ ਟਰੱਕ ਹਾਦਸੇ ’ਚ ਮੌਤ, ਪਿੰਡ ’ਚ ਛਾਇਆ ਸੋਗ

0
3564

ਲੁਧਿਆਣਾ, 31 ਜੁਲਾਈ | ਲੁਧਿਆਣਾ ਦੇ ਇੱਕ ਜਿੰਮੀਦਾਰ ਪਰਿਵਾਰ ਦੇ ਪੁੱਤਰ ਮਨਿੰਦਰ ਸਿੰਘ (ਉਮਰ 28 ਸਾਲ) ਦੀ ਕੈਨੇਡਾ ਦੇ ਐਡਮੰਟਨ ਸ਼ਹਿਰ ‘ਚ ਹੋਏ ਇੱਕ ਸੜਕ ਹਾਦਸੇ ‘ਚ ਮੌਤ ਹੋ ਗਈ। ਹਾਦਸਾ ਉਸ ਵੇਲੇ ਵਾਪਰਿਆ ਜਦੋਂ ਸਾਹਮਣੇ ਆ ਰਹੇ ਇੱਕ ਟਰੱਕ ਡਰਾਈਵਰ ਨੇ ਅਚਾਨਕ ਰਸਤੇ ‘ਤੇ ਆਪਣੀ ਗੱਡੀ ਚੜਾ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਮਨਿੰਦਰ ਦਾ ਟਰਾਲਾ ਟਰੱਕ ਨਾਲ ਜਾ ਟਕਰਾਇਆ ਅਤੇ ਟਰਾਲੇ ਦਾ ਅੱਗਲਾ ਹਿੱਸਾ ਪੂਰੀ ਤਰ੍ਹਾਂ ਨੁਕਸਾਨਿਆ ਗਿਆ। ਮੌਕੇ ’ਤੇ ਹੀ ਮਨਿੰਦਰ ਦੀ ਮੌਤ ਹੋ ਗਈ।

ਐਡਮੰਟਨ ਪੁਲਿਸ ਨੇ ਹਾਦਸੇ ਦੀ ਜਾਣਕਾਰੀ ਸਥਾਨਕ ਸਮੇਂ ਅਨੁਸਾਰ ਬੁੱਧਵਾਰ ਦੁਪਹਿਰ ਨੂੰ ਦਿੱਤੀ। ਹਾਦਸੇ ਤੋਂ ਬਾਅਦ ਪੁਲਿਸ ਨੇ ਕਰੀਬ 7 ਘੰਟੇ ਤੱਕ ਸੜਕ ‘ਤੇ ਟਰੈਫਿਕ ਰੋਕ ਕੇ ਜਾਂਚ ਕੀਤੀ। ਮਨਿੰਦਰ ਦੀ ਮ੍ਰਿਤਕ ਦੇਹ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਮੈਡੀਕਲ ਅਤੇ ਪੁਲਿਸ ਜਾਂਚ ਮਗਰੋਂ ਅਗਲੇ ਦੋ ਦਿਨਾਂ ‘ਚ ਲਾਸ਼ ਪਰਿਵਾਰ ਨੂੰ ਸੌਂਪੀ ਜਾਵੇਗੀ।

ਦੱਸਣਯੋਗ ਹੈ ਕਿ ਰਾਤ 4:30 ਵਜੇ ਇਹ ਦੁੱਖਭਰੀ ਖ਼ਬਰ ਪਿੰਡ ਪਹੁੰਚੀ । ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਕੈਨੇਡਾ ‘ਚ ਮੌਜੂਦ ਰਿਸ਼ਤੇਦਾਰਾਂ ਨੇ ਫ਼ੋਨ ’ਤੇ ਦੱਸਿਆ ਕਿ ਹਾਦਸਾ ਬੁੱਧਵਾਰ ਦੁਪਹਿਰ ਵਾਪਰਿਆ ਸੀ। ਟਰਾਲੇ ਦਾ ਅੱਗਲਾ ਹਿੱਸਾ ਪੂਰੀ ਤਰ੍ਹਾਂ ਤਬਾਹ ਹੋ ਗਿਆ ਸੀ ਅਤੇ ਮਨਿੰਦਰ ਨੂੰ ਗੰਭੀਰ ਸਿਰ ਅਤੇ ਅੰਦਰੂਨੀ ਚੋਟਾਂ ਆਈਆਂ ਸਨ। 2019 ’ਚ ਮ੍ਰਿਤਕ ਕੈਨੇਡਾ ਗਿਆ ਸੀ, ਜਿੱਥੇ ਉਸ ਵਲੋਂ ਟਰੱਕ ਡਰਾਈਵਿੰਗ ਕੀਤੀ ਜਾਂਦੀ ਸੀ।