ਲੁਧਿਆਣਾ | ਥਾਣਾ ਕੁੰਮਕਲਾਂ ਅਧੀਨ ਪੈਂਦੇ ਚੌਂਤਾ ਪਿੰਡ ਦੀ ਰਹਿਣ ਵਾਲੀ ਔਰਤ ਨੇ ਵੀਰਵਾਰ ਸਵੇਰੇ ਆਪਣੇ ਪਤੀ, ਪਤੀ ਦੇ ਦੋਸਤ, ਜੇਠਾਣੀ ਤੇ ਉਸ ਦੇ ਬੱਚਿਆਂ ਤੋਂ ਤੰਗ ਆ ਕੇ ਤੇਜ਼ਾਬ ਪੀ ਲਿਆ। ਗੰਭੀਰ ਹਾਲਤ ਵਿੱਚ ਉਸ ਨੂੰ ਪਿੰਡ ਦੇ ਲੋਕ ਸਿਵਲ ਹਸਪਤਾਲ ਲੈ ਕੇ ਗਏ, ਜਿਥੇ ਕੁਝ ਹੀ ਸਮੇਂ ਬਾਅਦ ਔਰਤ ਨੇ ਦਮ ਤੋੜ ਦਿੱਤਾ।
ਥਾਣਾ ਕੁੰਮਕਲਾਂ ਦੀ ਪੁਲਿਸ ਨੇ ਲਾਸ਼ ਨੂੰ ਹਸਪਤਾਲ ਦੀ ਮੋਰਚਰੀ ’ਚ ਰਖਵਾ ਕੇ ਮ੍ਰਿਤਕਾ ਦੇ ਭਰਾ ਦੇ ਬਿਆਨਾਂ ’ਤੇ ਆਰੋਪੀਆਂ ਖਿਲਾਫ਼ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕਾ ਦੀ ਪਛਾਣ ਪਿੰਡ ਚੌਂਤਾ ਸਥਿਤ ਝੁੱਗੀਆਂ ਕਾਦਰ ਵਾਸੀ 50 ਸਾਲਾ ਕਮਲੇਸ਼ ਰਾਣੀ ਦੇ ਰੂਪ ਵਿਚ ਹੋਈ।
ਮ੍ਰਿਤਕਾ ਦੇ ਭਰਾ ਜਸਵੀਰ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਮ੍ਰਿਤਕਾ ਦਾ ਪਤੀ ਅਕਸਰ ਉਸ ਨਾਲ ਕੁੱਟਮਾਰ ਕਰਦਾ ਸੀ, ਜਿਸ ਦਾ ਪਹਿਲਾਂ ਵੀ ਕਈ ਵਾਰ ਉਨ੍ਹਾਂ ਦਾ ਪੰਚਾਇਤੀ ਰਾਜ਼ੀਨਾਮਾ ਹੋ ਚੁੱਕਾ ਹੈ। ਉਸ ਦਾ ਪਤੀ ਉਸ ਦੇ ਨਾਲ ਨਾ ਰਹਿ ਕੇ ਆਪਣੀ ਭਾਬੀ ਕੋਲ ਰਹਿੰਦਾ ਸੀ ਅਤੇ ਉਸ ਨੂੰ ਕਿਸੇ ਵੀ ਤਰ੍ਹਾਂ ਦਾ ਖਰਚਾ ਨਹੀਂ ਦਿੰਦਾ ਸੀ, ਜਿਸ ਨੂੰ ਲੈ ਕੇ ਉਸ ਦੀ ਭੈਣ ਨੇ ਕੋਰਟ ਵਿਚ ਕੇਸ ਕੀਤਾ ਸੀ।
ਉਸ ਨੇ ਦੱਸਿਆ ਕਿ ਉਸ ਦੀ ਭੈਣ ਨੇ ਖੁਦਕੁਸ਼ੀ ਕਰਨ ਤੋਂ ਪਹਿਲਾਂ ਆਪਣੇ ਹੱਥ ’ਤੇ ਆਰੋਪੀਆਂ ਦੇ ਨਾਂ ਲਿਖ ਕੇ ਤੇਜ਼ਾਬ ਪੀ ਲਿਆ। ਥਾਣਾ ਕੁੰਮਕਲਾਂ ਦੇ ਇੰਚਾਰਜ ਹਰਸ਼ਪਾਲ ਨੇ ਦੱਸਿਆ ਕਿ ਮ੍ਰਿਤਕਾ ਕਮਲੇਸ਼ ਦੇ ਭਰਾ ਜਸਵੀਰ ਸਿੰਘ ਦੇ ਬਿਆਨਾਂ ’ਤੇ ਉਸ ਦੇ ਪਤੀ ਮਹਿੰਦਰਪਾਲ, ਜੇਠਾਣੀ ਸ਼ਿੰਦਰ ਕੌਰ, ਉਸ ਦੇ ਬੱਚੇ ਪਵਨਦੀਪ ਕੌਰ, ਕੁਲਵੀਰ ਸਿੰਘ, ਮਨਦੀਪ ਦੇ ਪਤੀ ਦੇ ਦੋਸਤ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।
(ਨੋਟ –ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)