ਲੁਧਿਆਣਾ : ਸੈਰ ਕਰਦੀ ਔਰਤ ਨੂੰ ਦਾਤ ਦਿਖਾ ਨੌਜਵਾਨਾਂ ਨੇ ਚੇਨ ਤੇ ਵਾਲੀਆਂ ਲੁੱਟੀਆਂ

0
116

ਲੁਧਿਆਣਾ | ਇਥੋਂ ਇਕ ਲੁੱਟ ਦੀ ਘਟਨਾ ਸਾਹਮਣੇ ਆਈ ਹੈ। ਮੋਟਰਸਾਈਕਲ ਸਵਾਰ 3 ਬਦਮਾਸ਼ਾਂ ਨੇ ਦਾਤ ਦਿਖਾ ਕੇ ਔਰਤ ਦੇ ਕੰਨ ਵਿਚ ਪਾਈਆਂ ਸੋਨੇ ਦੀਆਂ ਵਾਲੀਆਂ, ਸੋਨੇ ਦੀ ਚੇਨ, ਮੋਬਾਇਲ ਅਤੇ ਚਾਂਦੀ ਦੀ ਅੰਗੂਠੀ ਲੁੱਟ ਲਈ। ਵਾਰਦਾਤ ਦੀ ਸ਼ਿਕਾਰ ਹੋਈ ਬੰਦਨਾ ਦੇ ਬਿਆਨਾਂ ਅਨੁਸਾਰ ਥਾਣਾ ਜਮਾਲਪੁਰ ਪੁਲਿਸ ਨੇ ਪਰਚਾ ਦਰਜ ਕਰਕੇ ਲੁੱਟ ਦੀ ਵਾਰਦਾਤ ਕਰਨ ਵਾਲੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਪੀੜਤਾ ਨੇ ਦੱਸਿਆ ਕਿ ਸਵੇਰੇ ਕਰੀਬ ਪੌਣੇ ਛੇ ਵਜੇ ਉਹ ਆਪਣੇ ਘਰ ਦੇ ਬਾਹਰ ਗਲੀ ਵਿਚ ਸੈਰ ਕਰ ਰਹੀ ਸੀ। ਇਸ ਦੌਰਾਨ ਸਾਹਿਬਾਨਾਂ ਵੱਲੋਂ ਇਕ ਮੋਟਰਸਾਈਕਲ ‘ਤੇ ਸਵਾਰ ਹੋ ਕੇ ਆਏ 3 ਅਣਪਛਾਤੇ ਬਦਮਾਸ਼ਾਂ ਨੇ ਦਾਤ ਵਿਖਾ ਕੇ ਕੰਨਾਂ ਵਿਚ ਪਾਈਆਂ ਸੋਨੇ ਦੀਆਂ ਵਾਲੀਆਂ, ਸੋਨੇ ਦੀ ਚੇਨ, ਚਾਂਦੀ ਦੀ ਮੁੰਦਰੀ ਅਤੇ ਮੋਬਾਇਲ ਲੁੱਟ ਲਿਆ।

ਸ਼ਿਕਾਇਤਕਰਤਾ ਮੁਤਾਬਕ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਬਦਮਾਸ਼ ਮੋਟਰਸਾਈਕਲ ‘ਤੇ ਫਰਾਰ ਹੋ ਗਏ। ਇਸ ਮਾਮਲੇ ਦੇ ਤਫਤੀਸ਼ੀ ਅਧਿਕਾਰੀ ਸਹਾਇਕ ਥਾਣੇਦਾਰ ਬਰਿੰਦਰਜੀਤ ਸਿੰਘ ਮੁਤਾਬਕ ਵਾਰਦਾਤ ਵਾਲੀ ਥਾਂ ਦੇ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਕਬਜ਼ੇ ਵਿਚ ਲੈ ਕੇ ਬਦਮਾਸ਼ਾਂ ਦੀ ਸ਼ਨਾਖਤ ਅਤੇ ਗ੍ਰਿਫ਼ਤਾਰੀ ਲਈ ਉੱਦਮ ਸ਼ੁਰੂ ਕਰ ਦਿੱਤੇ ਗਏ ਹਨ।