ਲੁਧਿਆਣਾ । ਪਤਨੀ ਦੀ ਮੌਤ ਦੇ ਬਾਅਦ ਪਰੇਸ਼ਾਨ ਚੱਲ ਰਹੇ ਇਕ ਵਿਅਕਤੀ ਨੇ ਆਪਣੇ 8 ਸਾਲ ਦੇ ਬੇਟੇ ਦੀ ਗਲਾ ਘੁੱਟ ਕੇ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਤੇ ਕਰੰਟ ਲਾ ਕੇ ਆਪਣੇ-ਆਪ ਨੂੰ ਵੀ ਖਤਮ ਕਰਨ ਦੀ ਕੋਸ਼ਿਸ਼ ਕੀਤੀ। ਹੈਰਾਨੀ ਦੀ ਗੱਲ ਹੈ ਕਿ ਬੇਟੇ ਨੂੰ ਮੌਤ ਦੇ ਘਾਟ ਉਤਾਰਨ ਤੋਂ ਬਾਅਦ ਆਰੋਪੀ ਖੁਦ ਬਿਜਲੀ ਦਾ ਝਟਕਾ ਬਰਦਾਸ਼ਤ ਨਹੀਂ ਕਰ ਸਕਿਆ ਤੇ ਰੌਲਾ ਪਾਉਣ ਲੱਗਾ। ਰੌਲਾ ਸੁਣ ਕੇ ਉਸਦੇ ਪਰਿਵਾਰ ਵਾਲੇ ਪੁੱਜੇ ਤਾਂ ਦੇਖ ਕੇ ਸਾਰਿਆਂ ਦੇ ਹੋਸ਼ ਉਡ ਗਏ। ਇਸਦੇ ਬਾਅਦ ਇਸਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ।
ਸੂਚਨਾ ਮਿਲਣ ਦੇ ਬਾਅਦ ਏਸੀਪੀ ਈਸਟ ਗੁਰਦੇਵ ਸਿੰਘ ਤੇ ਥਾਣਾ ਮੇਹਰਬਾਨ ਦੀ ਪੁਲਿਸ ਮੌਕੇ ਉਤੇ ਪਹੁੰਚੀ। ਪੁਲਿਸ ਨੇ ਜਾਂਚ ਦੇ ਬਾਅਦ 8 ਸਾਲ ਦੇ ਗੁਰਸ਼ਰਨ ਸਿੰਘ ਦੀ ਲਾਸ਼ ਪੋਸਟਮਾਰਟਮ ਪਿੱਛੋਂ ਪਰਿਵਾਰ ਦੇ ਹਵਾਲੇ ਕਰ ਦਿੱਤੀ। ਜਦੋਂਕਿ ਆਰੋਪੀ ਜਗਦੀਸ਼ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਪੁੱਛਗਿਛ ਦੌਰਾਨ ਆਰੋਪੀ ਨੇ ਜੋ ਕੁਝ ਦੱਸਿਆ, ਉਸਨੂੰ ਸੁਣ ਕੇ ਪੁਲਿਸ ਤੇ ਪਰਿਵਾਰ ਵਾਲਿਆਂ ਦੇ ਰੌਂਗਟੇ ਖੜ੍ਹੇ ਹੋ ਗਏ। ਆਰੋਪੀ ਵਾਰ-ਵਾਰ ਇਹ ਹੀ ਬੋਲ ਰਿਹਾ ਸੀ ਕਿ ਪਤਨੀ ਦੀ ਮੌਤ ਦੇ ਬਾਅਦ ਉਹ ਬੇਟੇ ਨੂੰ ਮਾਰ ਕੇ ਆਪ ਵੀ ਖੁਦਕੁਸ਼ੀ ਕਰਨ ਵਾਲਾ ਸੀ ਤਾਂ ਕਿ ਤਿੰਨੇ ਉਪਰ ਜਾ ਕੇ ਇਕੱਠੇ ਹੋ ਸਕਣ। ਏਸੀਪੀ ਗੁਰਦੇਵ ਸਿੰਘ ਨੇ ਦੱਸਿਆ ਕਿ ਜਗਦੀਸ਼ ਦੀ ਪਤਨੀ ਦਮੇ ਦੇ ਰੋਗ ਤੋਂ ਪੀੜਤ ਸੀ। ਉਸਦਾ ਇਲਾਜ ਚੱਲ ਰਿਹਾ ਸੀ ਪਰ ਕੋਈ ਫਰਕ ਨਹੀਂ ਪਿਆ।
20 ਦਿਨ ਪਹਿਲਾਂ ਜਗਦੀਸ਼ ਦੀ ਪਤਨੀ ਦੀ ਇਲਾਜ ਦੌਰਾਨ ਨਿੱਜੀ ਹਸਪਤਾਲ ਵਿਚ ਮੌਤ ਹੋ ਗਈ ਸੀ। ਇਸਦੇ ਬਾਅਦ ਤੋਂ ਉਹ ਕਾਫੀ ਪਰੇਸ਼ਾਨ ਰਹਿਣ ਲੱਗਾ ਸੀ। ਪਰਿਵਾਰ ਵਾਲਿਆਂ ਨਾਲ ਵੀ ਕੁਝ ਜਿਆਦਾ ਗੱਲਬਾਤ ਨਹੀਂ ਕਰਦਾ ਸੀ। ਪਰਿਵਾਰ ਵਾਲੇ ਉਸਦਾ ਧਿਆਨ ਵਟਾਉਣ ਦੀ ਖਾਤਿਰ ਉਸ ਨਾਲ ਗੱਲਾਂ ਕਰਦੇ ਰਹਿੰਦੇ ਸਨ। ਪਰ ਆਰੋਪੀ ਜਿਆਦਾ ਬੋਲਦਾ ਨਹੀਂ ਸੀ। 14 ਅਗਸਤ ਦੀ ਰਾਤ ਖਾਣਾ ਖਾਣ ਦੇ ਬਾਅਦ ਪਰਿਵਾਰ ਸੌਂ ਗਿਆ ਤੇ ਜਗਦੀਸ਼ ਤੇ ਉਸਦਾ ਪੁੱਤਰ ਗੁਰਸ਼ਰਨ ਕਮਰੇ ਵਿਚ ਚਲੇ ਗਏ।
ਉਹ ਦੋਵੇਂ ਗੱਲਾਂ ਕਰਦੇ ਸਨ ਕਿ ਉਹ ਮਰਨ ਦੇ ਬਾਅਦ ਉਪਰ ਜਾ ਕੇ ਮਾਂ ਨੂੰ ਮਿਲਣਗੇ। ਲਗਭਗ 2 ਵਜੇ ਆਰੋਪੀ ਨੇ 8 ਸਾਲਾ ਬੇਟੇ ਗੁਰਸ਼ਰਨ ਦਾ ਕਤਲ ਕਰ ਦਿੱਤਾ ਤੇ ਆਪ ਵੀ ਕਰੰਟ ਲਾ ਕੇ ਮਰਨ ਦੀ ਕੋਸ਼ਿਸ਼ ਕੀਤੀ, ਪਰ ਆਰੋਪੀ ਦੀ ਆਵਾਜ਼ ਸੁਣ ਕੇ ਪਰਿਵਾਰ ਵਾਲੇ ਉਪਰ ਪਹੁੰਚ ਗਏ। ਉਨ੍ਹਾਂ ਨੇ ਦੇਖਿਆ ਕਿ ਆਰੋਪੀ ਜਗਦੀਸ਼ ਹੇਠਾਂ ਡਿਗਿਆ ਹੋਇਆ ਸੀ ਤੇ ਗੁਰਸ਼ਰਨ ਬੈੱਡ ਉਤੇ ਪਿਆ ਸੀ ਤੇ ਉਸਦੇ ਗਲੇ ਵਿਚ ਰੱਸੀ ਸੀ। ਇਹ ਸਭ ਦੇਖ ਕੇ ਸਾਰੇ ਹੈਰਾਨ ਸਨ। ਉਨ੍ਹਾਂ ਨੇ ਦੇਖਿਆ ਤਾਂ ਗੁਰਸ਼ਰਨ ਦੀ ਮੌਤ ਹੋ ਚੁੱਕੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਪੁਲਿਸ ਨੂੰ ਜਾਣਕਾਰੀ ਦਿੱਤੀ।