ਲੁਧਿਆਣਾ : ਹਲਵਾਰਾ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਨਿਰਮਾਣ ਦਾ ਕੰਮ ਮੁੜ ਸ਼ੁਰੂ, ਪੰਜਾਬ ਸਰਕਾਰ ਨੇ ਲਈ ਜ਼ਿੰਮੇਵਾਰੀ

0
311

ਲੁਧਿਆਣਾ | ਕਰੀਬ 9 ਮਹੀਨਿਆਂ ਤੋਂ ਬੰਦ ਪਏ ਹਲਵਾਰਾ ਅੰਤਰਰਾਸ਼ਟਰੀ ਹਵਾਈ ਅੱਡੇ ਦੀ ਇਮਾਰਤ ਦੀ ਉਸਾਰੀ ਦਾ ਕੰਮ ਆਖਰਕਾਰ ਮੁੜ ਸ਼ੁਰੂ ਹੋ ਗਿਆ ਹੈ। ਇਸ ਕੰਮ ਨੂੰ ਮੁੜ ਤੋਂ ਕਰਵਾਉਣ ਦੀ ਜ਼ਿੰਮੇਵਾਰੀ ਸੂਬਾ ਸਰਕਾਰ ਨੇ ਖੁਦ ਲਈ ਹੈ। ਪਹਿਲਾਂ ਦੀ ਤਰ੍ਹਾਂ ਹਵਾਈ ਅੱਡੇ ਦੀ ਇਮਾਰਤ ਦੀ ਉਸਾਰੀ ਦਾ ਕੰਮ ਲੋਕ ਨਿਰਮਾਣ ਵਿਭਾਗ ਦੀ ਅਗਵਾਈ ਹੇਠ ਮੁਕੰਮਲ ਕੀਤਾ ਜਾਵੇਗਾ।

ਅਧਿਕਾਰੀਆਂ ਮੁਤਾਬਕ ਹਵਾਈ ਅੱਡੇ ਦੀ ਇਮਾਰਤ ਮਈ 2023 ਤੱਕ ਮੁਕੰਮਲ ਹੋ ਜਾਵੇਗੀ। ਸੰਭਾਵਨਾਵਾਂ ਦੱਸੀਆਂ ਜਾ ਰਹੀਆਂ ਹਨ ਕਿ ਜੁਲਾਈ 2023 ਤੱਕ ਇੱਥੇ ਘਰੇਲੂ ਉਡਾਣਾਂ ਸ਼ੁਰੂ ਹੋ ਜਾਣਗੀਆਂ। ਏਅਰਪੋਰਟ ਅਥਾਰਟੀ ਦੇ ਅਧਿਕਾਰੀ ਨੇ ਪੁਸ਼ਟੀ ਕੀਤੀ ਹੈ ਕਿ ਇਮਾਰਤ ਬਣਾਉਣ ਦੀ ਜ਼ਿੰਮੇਵਾਰੀ ਹੁਣ ਲੋਕ ਨਿਰਮਾਣ ਵਿਭਾਗ ਦੀ ਹੈ।

ਦੱਸ ਦੇਈਏ ਕਿ 42 ਕਰੋੜ ਦੇ ਫੰਡ ਜਾਰੀ ਨਾ ਹੋਣ ਕਾਰਨ ਏਅਰਪੋਰਟ ਬਣਾਉਣ ਦਾ ਕੰਮ ਰੁਕ ਗਿਆ ਸੀ, ਜਦਕਿ ਠੇਕੇਦਾਰ ਨੇ ਆਪਣੀ ਮਸ਼ੀਨਰੀ ਵੀ ਉਥੋਂ ਹਟਾ ਲਈ ਸੀ। ਮੰਡੀ ਬੋਰਡ ਨੇ ਰਾਏਕੋਟ ਮੇਨ ਰੋਡ ਤੋਂ ਪਿੰਡ ਐਤੀਆਣਾ ਜੀਜੀਐਸ ਮਾਰਗ ਤੱਕ 5.10 ਕਿਲੋਮੀਟਰ ਸੜਕ ਬਣਾਈ ਹੈ। ਸੜਕ ਬਣਾਉਣ ਦਾ ਕੰਮ ਮੁਕੰਮਲ ਹੋ ਚੁੱਕਾ ਹੈ।