ਲੁਧਿਆਣਾ। ਲੁਧਿਆਣਾ ਵਿਚ ਵੀਰਵਾਰ ਸਵੇਰੇ ਸਿਵਲ ਹਸਪਤਾਲ ਵਿਚ ਉਸ ਸਮੇਂ ਹੰਗਾਮਾ ਹੋ ਗਿਆ, ਜਦੋਂ ਇਕ ਪਰਿਵਾਰ ਨੇ ਲਾਸ਼ ਬਦਲਣ ਦਾ ਆਰੋਪ ਲਗਾਇਆ । ਸਰਾਭਾ ਨਗਰ ਇਲਾਕੇ ਵਿਚ ਰਹਿਣ ਵਾਲੇ ਆਯੂਸ਼ ਨਾਂ ਦੇ ਨੌਜਵਾਨ ਦੀ ਕੁਦਰਤੀ ਮੌਤ ਹੋਈ ਸੀ। ਪਰਿਵਾਰ ਦੇ ਕੁਝ ਮੈਂਬਰ ਵਿਦੇਸ਼ ਰਹਿੰਦੇ ਹਨ। ਉਨ੍ਹਾਂ ਨੇ ਉਥੋਂ ਆਉਣਾ ਸੀ, ਇਸ ਲਈ ਪਰਿਵਾਰ ਵਾਲਿਆਂ ਨੇ ਲਾਸ਼ ਨੂੰ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਰੱਖਵਾ ਦਿੱਤਾ।
ਵੀਰਵਾਰ ਸਵੇਰੇ ਜਦੋਂ ਪਰਿਵਾਰਕ ਮੈਂਬਰ ਲਾਸ਼ ਲੈਣ ਲਈ ਹਸਪਤਾਲ ਪਹੁੰਚੇ ਤਾਂ ਪਤਾ ਲੱਗਾ ਕਿ ਹਸਪਤਾਲ ਪ੍ਰਬੰਧਕਾਂ ਨੇ ਲਾਸ਼ ਕਿਸੇ ਹੋਰ ਨੂੰ ਚੁੱਕਵਾ ਦਿੱਤੀ, ਜਿਸਦੇ ਬਾਅਦ ਪਰਿਵਾਰਕ ਮੈਂਬਰਾਂ ਨੇ ਹੰਗਾਮਾ ਸ਼ੁਰੂ ਕਰ ਦਿੱਤਾ। ਕਾਫੀ ਸਮੇਂ ਤੱਕ ਕੋਈ ਜਵਾਬ ਨਹੀਂ ਮਿਲਿਆ ਤਾਂ ਪਰਿਵਾਰ ਵਾਲਿਆਂ ਨੇ ਤੋੜਫੋੜ ਸ਼ੁਰੂ ਕਰ ਦਿੱਤੀ।
ਸੂਚਨਾ ਮਿਲਦੇ ਹੀ ਏਡੀਸੀਪੀ-1 ਰੁਪਿੰਦਰ ਸਿੰਘ, ਏਸੀਪੀ ਸੈਂਟਰਲ ਰਮਨਦੀਪ ਸਿੰਘ ਭੁੱਲਰ ਤੇ ਥਾਣਾ ਡਿਵੀਜ਼ਨ ਨੰਬਰ-2 ਦੀ ਪੁਲਿਸ ਮੌਕੇ ਉਤੇ ਪਹੁੰਚੀ। ਪੁਲਿਸ ਮੁਲਾਜ਼ਮਾਂ ਨੇ ਕਿਸੇ ਤਰ੍ਹਾਂ ਪਰਿਵਾਰ ਵਾਲਿਆਂ ਨੂੰ ਸ਼ਾਂਤ ਕੀਤਾ ਤੇ ਮਾਮਲੇ ਦੀ ਜਾਂਚ ਦਾ ਭਰੋਸਾ ਦਿੱਤਾ।