ਲੁਧਿਆਣਾ : ਬੱਚਿਆਂ ਦਾ ਕਾਰੋਬਾਰ ਸੈੱਟ ਕਰਵਾਉਣ ਦੇ ਨਾਂ ‘ਤੇ ਮਹਿਲਾ ਨਾਲ 11 ਸਾਲ ਤੱਕ ਬਣਾਏ ਸੰਬੰਧ, ਪਰਚਾ ਦਰਜ

0
700

ਲੁਧਿਆਣਾ : ਕਾਰੋਬਾਰੀ ਵੱਲੋਂ ਔਰਤ ਦੇ ਬੱਚਿਆਂ ਨੂੰ ਚੰਗਾ ਕਾਰੋਬਾਰ ਸ਼ੁਰੂ ਕਰਵਾ ਕੇ ਦੇਣ ਦਾ ਝਾਂਸਾ ਦੇ ਕੇ ਉਸ ਨਾਲ ਪੂਰੇ 11 ਸਾਲ ਤਕ ਸਰੀਰਕ ਸਬੰਧ ਬਣਾਏ ਗਏ। ਬੱਚਿਆਂ ਦੇ ਨੌਜਵਾਨ ਹੋਣ ‘ਤੇ ਜਦ ਔਰਤ ਨੇ ਕੰਮ ਸੰਬੰਧੀ ਗੱਲ ਛੇੜੀ ਤਾਂ ਉਹ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਲੱਗ ਪਿਆ। ਇਸ ਮਾਮਲੇ ਵਿਚ ਥਾਣਾ ਸ਼ਿਮਲਾਪੁਰੀ ਦੀ ਪੁਲਿਸ ਨੇ ਔਰਤ ਦੇ ਬਿਆਨ ਤੇ ਨਿਊ ਸ਼ਿਮਲਾਪੁਰੀ ਦੇ ਰਹਿਣ ਵਾਲੇ ਪਵਿੱਤਰ ਸਿੰਘ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

ਥਾਣਾ ਸ਼ਿਮਲਾਪੁਰੀ ਦੀ ਪੁਲਿਸ ਨੂੰ ਜਾਣਕਾਰੀ ਦਿੰਦਿਆਂ ਪੀੜਤ ਔਰਤ ਨੇ ਦੱਸਿਆ ਕਿ ਮੁਲਜ਼ਮ ਪਿਛਲੇ 11 ਸਾਲ ਤੋਂ ਉਸ ਨੂੰ ਇਹ ਆਖ ਕੇ ਜ਼ਬਰਦਸਤੀ ਸਰੀਰਕ ਸਬੰਧ ਬਣਾ ਰਿਹਾ ਸੀ ਕਿ ਉਹ ਉਸ ਦੇ ਬੱਚਿਆਂ ਨੂੰ ਚੰਗੇ ਕਾਰੋਬਾਰ ਵਿਚ ਪਾ ਦੇਵੇਗਾ। ਔਰਤ ਨੇ ਦੱਸਿਆ ਕਿ 1 ਜੂਨ ਨੂੰ ਮੁਲਜ਼ਮ ਪਵਿੱਤਰ ਸਿੰਘ ਨੇ ਉਸ ਨਾਲ ਫਿਰ ਤੋਂ ਜ਼ਬਰਦਸਤੀ ਸਰੀਰਕ ਸਬੰਧ ਬਣਾਏ। ਇਸ ਵਾਰ ਔਰਤ ਨੇ ਜਦ ਬੱਚਿਆਂ ਦੇ ਕੰਮ ਦੀ ਗੱਲ ਛੇੜੀ ਤਾਂ ਉਹ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਲੱਗ ਪਿਆ। ਇਸ ਸਬੰਧੀ ਔਰਤ ਨੇ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਦਿੱਤੀ। ਤਫਤੀਸ਼ ਤੋਂ ਬਾਅਦ ਥਾਣਾ ਸ਼ਿਮਲਾਪੁਰੀ ਦੀ ਪੁਲਿਸ ਨੇ ਮੁਲਜ਼ਮ ਪਵਿੱਤਰ ਸਿੰਘ ਦੇ ਖਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ। ਜਾਂਚ ਅਧਿਕਾਰੀ ਜਸਵਿੰਦਰ ਸਿੰਘ ਦਾ ਕਹਿਣਾ ਹੈ ਕਿ ਜਲਦ ਹੀ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।