ਲੁਧਿਆਣਾ : ਕਾਰ ਨੂੰ ਅੱਗ ਲਾਉਣ ਦੇ ਬਹਾਨੇ ਲੁਟੇਰਿਆਂ ਨੇ ਟਰਾਂਸਪੋਰਟਰਾਂ ਨਾਲ ਕੀਤੀ ਲੁੱਟ, ਡੰਡਿਆਂ ਨਾਲ ਕੀਤੇ ਵਾਰ

0
526

ਲੁਧਿਆਣਾ | ਸਮਰਾਲਾ ‘ਚ ਲੁਟੇਰਿਆਂ ਨੇ 2 ਟਰਾਂਸਪੋਰਟਰਾਂ ਨੂੰ ਕਾਰ ਦੇ ਟਾਇਰ ਨੂੰ ਅੱਗ ਲੱਗਣ ਦੇ ਬਹਾਨੇ ਰੋਕ ਲਿਆ ਅਤੇ ਉਨ੍ਹਾਂ ਦੇ ਸਿਰ ‘ਤੇ ਡੰਡਾ ਅਤੇ ਅੱਖਾਂ ‘ਚ ਮਿਰਚ ਪਾਊਡਰ ਪਾ ਕੇ ਉਨ੍ਹਾਂ ਦਾ ਮੋਬਾਈਲ ਲੈ ਕੇ ਫ਼ਰਾਰ ਹੋ ਗਏ ਹਨ। ਥਾਣਾ ਸਮਰਾਲਾ ਦੀ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। 

ਜਾਣਕਾਰੀ ਦਿੰਦਿਆਂ ਕੋਲਕਾਤਾ ‘ਚ ਟਰਾਂਸਪੋਰਟ ਦਾ ਕਾਰੋਬਾਰ ਕਰਨ ਵਾਲੇ ਰਜਿੰਦਰ ਅਤੇ ਪਰਵਿੰਦਰ ਸਿੰਘ ਨੇ ਦੱਸਿਆ ਕਿ ਬੀਤੇ ਸ਼ੁੱਕਰਵਾਰ ਰਾਤ ਕਰੀਬ 10 ਵਜੇ ਉਹ ਕਾਰ ‘ਚ ਆਪਣੇ ਰਿਸ਼ਤੇਦਾਰ ਕੋਲ ਜਾ ਰਹੇ ਸਨ। ਉਟਾਲਾਂ ‘ਚ ਸੜਕ ਦੇ ਵਿਚਕਾਰ 2 ਬਾਈਕ ‘ਤੇ 4 ਵਿਅਕਤੀ ਖੜ੍ਹੇ ਸਨ। ਜਿਸ ਨੇ ਇਸ਼ਾਰੇ ਨਾਲ ਕਾਰ ਨੂੰ ਰੋਕਿਆ ਅਤੇ ਕਿਹਾ ਕਿ ਕਾਰ ਦੇ ਪਿਛਲੇ ਟਾਇਰ ਨੂੰ ਅੱਗ ਲੱਗ ਗਈ ਹੈ। 

ਜਦੋਂ ਰਜਿੰਦਰ ਸਿੰਘ ਕਾਰ ‘ਚੋਂ ਉਤਰ ਕੇ ਆਪਣੇ ਫੋਨ ਦੀ ਟਾਰਚ ਨਾਲ ਦੇਖਣ ਲੱਗਾ ਤਾਂ ਪਿੱਛੇ ਤੋਂ ਇਕ ਵਿਅਕਤੀ ਨੇ ਡੰਡੇ ਨਾਲ ਉਸ ਦੇ ਸਿਰ ‘ਤੇ ਵਾਰ ਕਰ ਦਿੱਤਾ, ਜਦਕਿ ਕਾਰ ‘ਚ ਬੈਠੇ ਪਰਵਿੰਦਰ ਸਿੰਘ ਉੱਤੇ ਇਕ ਹੋਰ ਵਿਅਕਤੀ ਨੇ ਨੱਕ ‘ਤੇ ਹਮਲਾ ਕਰ ਕੇ ਉਸ ਦੀਆਂ ਅੱਖਾਂ ‘ਚ ਮਿਰਚਾਂ ਦਾ ਪਾਊਡਰ ਪਾ ਦਿੱਤਾ। ਇਸ ਦੌਰਾਨ ਲੁਟੇਰੇ ਜ਼ਮੀਨ ’ਤੇ ਡਿੱਗੇ ਟਰਾਂਸਪੋਰਟਰ ਦਾ ਮੋਬਾਈਲ ਫੋਨ ਚੁੱਕ ਕੇ ਭੱਜ ਗਏ। ਰਜਿੰਦਰ ਸਿੰਘ ਨੇ ਦੱਸਿਆ ਕਿ ਜ਼ਮੀਨ ‘ਤੇ ਡਿੱਗਦੇ ਹੀ ਉਸ ਨੇ ਆਪਣ ਸੋਨੇ ਦਾ ਕੜਾ ਲਾਹ ਕੇ ਨੇੜੇ ਦੀਆਂ ਝਾੜੀਆਂ ‘ਚ ਸੁੱਟ ਦਿੱਤਾ। ਜਿਸ ਕਰਕੇ ਉਸ ਦਾ ਕੜਾ ਵਾਲ-ਵਾਲ ਬਚ ਗਿਆ।