ਲੁਧਿਆਣਾ, 11 ਦਸੰਬਰ | ਲੁਧਿਆਣਾ ਦੀ EWS ਕਾਲੋਨੀ ਵਿਚ ਇਕ 21 ਸਾਲ ਦੇ ਨਵ-ਵਿਆਹੁਤਾ ਨੇ ਘਰ ਦੀ ਤੀਜੀ ਮੰਜ਼ਿਲ ਦੇ ਕਮਰੇ ਵਿਚ ਭੇਤਭਰੇ ਹਾਲਾਤ ਵਿਚ ਜਾਨ ਦੇ ਦਿੱਤੀ। ਜਾਣਕਾਰੀ ਅਨੁਸਾਰ 21 ਸਾਲ ਦੀ ਸ਼ਾਲਿਨੀ ਦਾ 4 ਮਹੀਨੇ ਪਹਿਲਾਂ ਹੀ ਪਵਨ ਨਾਂ ਦੇ ਪ੍ਰਵਾਸੀ ਨੌਜਵਾਨ ਨਾਲ ਲਵ-ਮੈਰਿਜ ਹੋਈ ਸੀ ਤੇ ਇਹ ਆਪਣੇ ਪਤੀ ਨਾਲ ਲੁਧਿਆਣਾ ਦੇ ਤਾਜਪੁਰ ਰੋਡ ਸਥਿਤ ਈਵੀਐਸ ਕਾਲੋਨੀ ਵਿਚ ਕਿਰਾਏ ਦੇ ਮਕਾਨ ਵਿਚ ਰਹਿੰਦੀ ਸੀ।
ਮੌਕੇ ਉਤੇ ਥਾਣਾ ਡਵੀਜ਼ਨ ਨੰਬਰ 7 ਦੀ ਪੁਲਿਸ ਨੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ। ਜਾਂਚ ਅਧਿਕਾਰੀ ਕੁਲਦੀਪ ਸਿੰਘ ਨੇ ਦੱਸਿਆ ਕਿ ਮ੍ਰਿਤਕ ਲੜਕੀ ਕੋਲੋਂ ਕੋਈ ਵੀ ਸੁਸਾਈਡ ਨੋਟ ਬਰਾਮਦ ਨਹੀਂ ਹੋਇਆ ਅਤੇ ਨਾ ਹੀ ਮਰਨ ਦੇ ਕਾਰਨਾਂ ਦਾ ਪਤਾ ਲੱਗਾ ਹੈ। ਉਨ੍ਹਾਂ ਕਿਹਾ ਕਿ ਮ੍ਰਿਤਕਾ ਦਾ ਪਤੀ ਉਤਰ ਪ੍ਰਦੇਸ਼ ਗਿਆ ਹੋਇਆ ਸੀ ਅਤੇ ਅੱਜ ਉਸਨੇ ਵਾਪਸ ਆਉਣਾ ਹੈ।
ਕੁਲਦੀਪ ਨੇ ਕਿਹਾ ਕਿ ਫਿਲਹਾਲ ਮ੍ਰਿਤਕਾ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜਿਆ ਗਿਆ ਹੈ। ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਹੈ। ਉਨ੍ਹਾਂ ਦੇ ਆਉਣ ਤੋਂ ਬਾਅਦ ਹੀ ਅਗਲੇਰੀ ਕਾਰਵਾਈ ਹੋਵੇਗੀ।