ਲੁਧਿਆਣਾ | ਇਥੋਂ ਇਕ ਮਾਂ ਵਲੋਂ ਆਪਣੇ ਹੀ ਬੱਚੇ ਨਾਲ ਹੈਵਾਨੀਅਤ ਭਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ। ਹੈਬੋਵਾਲ ਕਲਾਂ ਦੇ ਗੋਪਾਲ ਨਗਰ ’ਚ ਕਲਯੁਗੀ ਮਾਂ ਨੇ ਮਾਸੂਮ ਬੱਚੇ ਨੂੰ ਨਾਲ਼ੇ ’ਚ ਸੁੱਟ ਦਿੱਤਾ। ਜਾਣਕਾਰੀ ਮਿਲਣ ਤੋਂ ਬਾਅਦ ਪੁਲਿਸ ਨੇ ਬੱਚੇ ਦੀ ਭਾਲ ਸ਼ੁਰੂ ਕਰ ਦਿੱਤੀ। ਇਲਾਕੇ ’ਚ ਰਹਿਣ ਵਾਲੀ ਰੂਬੀ ਨਾਂ ਦੀ ਔਰਤ ਨੇ ਕਥਿਤ ਤੌਰ ’ਤੇ ਕਰੀਬ ਡੇਢ ਸਾਲ ਦੇ ਬੱਚੇ ਨੂੰ ਗੰਦੇ ਨਾਲ਼ੇ ’ਚ ਸੁੱਟਿਆ। ਕਿਸੇ ਬੱਚੇ ਨੇ ਮੁਹੱਲ਼ੇ ਵਾਲਿਆਂ ਨੂੰ ਇਸ ਦੀ ਜਾਣਕਾਰੀ ਦਿੱਤੀ।
ਮੁਹੱਲਾ ਵਾਸੀ ਸੁਖਦੀਪ ਕੌਰ ਮੁਤਾਬਕ ਰੂਬੀ ਦਾ ਪਤੀ ਮਜ਼ਦੂਰੀ ਕਰਦਾ ਹੈ। ਰੂਬੀ ਮਜ਼ਦੂਰ ਦੀ ਦੂਜੀ ਪਤਨੀ ਹੈ। ਸ਼ੁਰੂ ਤੋਂ ਹੀ ਉਸ ਦੀ ਮਾਨਸਿਕ ਹਾਲਤ ਠੀਕ ਨਹੀਂ ਸੀ। ਪਤੀ ਦੀ ਗੈਰ ਹਾਜ਼ਰੀ ’ਚ ਉਹ ਆਪਣੇ ਬੱਚੇ ਨੂੰ ਨਾਲ਼ੇ ’ਚ ਸੁੱਟ ਕੇ ਘਰ ਮੁੜ ਆਈ। ਜਦੋਂ ਹੁਣ ਪਰਿਵਾਰ ਤੇ ਮੁਹੱਲੇ ਵਾਲਿਆਂ ਨੇ ਉਸ ਕੋਲੋਂ ਬੱਚੇ ਬਾਰੇ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਗੰਦੇ ਨਾਲੇ ਕੋਲੋਂ ਲੰਘਦੇ ਸਮੇਂ ਇਕ ਮੋਟਰਸਾਈਕਲ ਦੀ ਆਵਾਜ਼ ਸੁਣ ਕੇ ਉਹ ਘਬਰਾ ਗਈ ਤੇ ਬੱਚਾ ਹੱਥੋਂ ਛੁੱਟ ਕੇ ਨਾਲੇ ’ਚ ਡਿੱਗ ਗਿਆ। ਪੁਲਿਸ ਨੇ ਕੁਝ ਸਥਾਨਕ ਲੋਕਾਂ ਦੀ ਮਦਦ ਨਾਲ ਬੱਚੇ ਦੀ ਭਾਲ ਸ਼ੁਰੂ ਕਰ ਦਿੱਤੀ। ਡਿੱਚ ਮਸ਼ੀਨ ਦੀ ਮਦਦ ਨਾਲ ਨਾਲ਼ੇ ਦੀ ਗਾਰ ਖੰਘਾਲੀ ਜਾ ਰਹੀ ਹੈ।