ਲੁਧਿਆਣਾ | ਇਥੋਂ ਇਕ ਖਬਰ ਸਾਹਮਣੇ ਆਈ ਹੈ। ਇਕ ਪਿਤਾ ਆਪਣੇ 4 ਬੱਚਿਆਂ ਨੂੰ ਜਲੰਧਰ ਤੋਂ ਰੇਲਗੱਡੀ ਵਿਚ ਬਿਠਾ ਕੇ ਖੁਦ ਗਾਇਬ ਹੋ ਗਿਆ। ਬੱਚਿਆਂ ਨੂੰ ਲਾਵਾਰਿਸ ਹਾਲਤ ‘ਚ ਦੇਖ ਕੇ ਟੀਟੀਈ ਸਮੇਤ ਹੋਰ ਯਾਤਰੀਆਂ ਨੇ ਦੂਜੇ ਡੱਬਿਆਂ ‘ਚ ਪਿਤਾ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਮਿਲਿਆ। ਇਨ੍ਹਾਂ ਵਿਚ ਇਕ ਲੜਕਾ ਅਤੇ 3 ਲੜਕੀਆਂ ਹਨ। ਇਕ ਲੜਕੀ ਦੀ ਉਮਰ ਸਿਰਫ਼ 2 ਸਾਲ ਹੈ। ਸਾਰੇ ਬੱਚਿਆਂ ਦੀ ਉਮਰ 2 ਸਾਲ, 8 ਸਾਲ (ਲੜਕਾ), 9 ਸਾਲ ਅਤੇ 10 ਸਾਲ ਹੈ।
ਇਹ ਬੱਚੇ ਐਤਵਾਰ ਰਾਤ 7.30 ਵਜੇ ਅੰਮ੍ਰਿਤਸਰ-ਚੰਡੀਗੜ੍ਹ ਐਕਸਪ੍ਰੈਸ ਵਿਚੋਂ ਮਿਲੇ ਸਨ। 2 ਸਾਲ ਦੀ ਬੱਚੀ ਆਪਣੀ 10 ਸਾਲ ਦੀ ਭੈਣ ਦੀ ਗੋਦ ਵਿਚ ਸੀ। ਜਦੋਂ ਟਰੇਨ ਲੁਧਿਆਣਾ ਪਹੁੰਚੀ ਤਾਂ ਇਨ੍ਹਾਂ ਚਾਰਾਂ ਬੱਚਿਆਂ ਨੂੰ ਰੇਲਵੇ ਚਾਈਲਡਲਾਈਨ ਦੇ ਹਵਾਲੇ ਕਰ ਦਿੱਤਾ ਗਿਆ।
ਕੁਲਵਿੰਦਰ ਸਿੰਘ ਡਾਂਗੋ ਨੇ ਦੱਸਿਆ ਕਿ ਬੱਚਿਆਂ ਦਾ ਕਹਿਣਾ ਹੈ ਕਿ ਉਹ ਛੱਤੀਸਗੜ੍ਹ ਦੇ ਬਿਲਾਸਪੁਰ ਦੇ ਰਹਿਣ ਵਾਲੇ ਹਨ। ਉਨ੍ਹਾਂ ਦੀ ਮਾਂ ਦਾ ਦਿਹਾਂਤ ਹੋ ਗਿਆ ਹੈ ਅਤੇ ਪਿਤਾ ਵੱਖ-ਵੱਖ ਸ਼ਹਿਰਾਂ ਵਿਚ ਭੱਠੇ ’ਤੇ ਕੰਮ ਕਰਦੇ ਹਨ । ਐਤਵਾਰ ਰਾਤ ਉਨ੍ਹਾਂ ਨੇ ਆਪਣੇ ਪਿਤਾ ਨਾਲ ਚੰਡੀਗੜ੍ਹ ਨੇੜੇ ਮਨਸਾ ਦੇਵੀ ਜਾਣਾ ਸੀ। ਜਲੰਧਰ ਸਟੇਸ਼ਨ ‘ਤੇ ਪਿਤਾ ਨੇ ਚਾਰਾਂ ਨੂੰ ਸਾਮਾਨ ਸਮੇਤ ਟਰੇਨ ‘ਚ ਬਿਠਾਇਆ ਅਤੇ ਕਿਹਾ ਕਿ ਉਹ ਵੀ ਟਰੇਨ ‘ਚ ਚੜ੍ਹ ਜਾਣਗੇ।