ਲੁਧਿਆਣਾ : ਹਾਈਵੋਲਟੇਜ਼ ਤਾਰਾਂ ‘ਚ ਧਮਾਕਾ ਹੋਣ ਕਾਰਨ ਕਈ ਘਰਾਂ ਦਾ ਸੜਿਆ ਸਾਮਾਨ, ਲੋਕਾਂ ਨੇ ਘੇਰੇ ਬਿਜਲੀ ਮੁਲਾਜ਼ਮ

0
294

ਲੁਧਿਆਣਾ | ਜ਼ਿਲੇ ਦੇ ਭਾਮੀਆਂ ਖੁਰਦ, ਤਾਜਪੁਰ ਰੋਡ ‘ਤੇ ਸਥਿਤ ਵਰਦਾਨ ਇਨਕਲੇਵ ‘ਚ ਬੁੱਧਵਾਰ ਨੂੰ 220 ਕੇਵੀ ਟਾਵਰ ਤੋਂ ਨਿਕਲਣ ਵਾਲੀ ਅਰਥ ਦੀ ਤਾਰ ਸ਼ਾਰਟ ਹੋ ਗਈ। ਇਸ ਨਾਲ ਤਾਰਾਂ ਵਿੱਚ ਧਮਾਕਾ ਹੋਇਆ। ਧਮਾਕੇ ਕਾਰਨ ਲੋਕਾਂ ਦੇ ਘਰਾਂ ਦਾ ਸਮਾਨ ਵੀ ਸੜ ਗਿਆ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਇਕ ਘਰ ਦੇ ਬਾਹਰ ਟੋਆ ਪੈ ਗਿਆ। ਇਸ ਦੇ ਨਾਲ ਹੀ ਕਈ ਲੋਕਾਂ ਦੇ ਘਰਾਂ ਦੇ ਬਾਹਰ ਲੱਗੇ ਮੀਟਰ ਵੀ ਸੜ ਗਏ।
ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਪਾਵਰਕਾਮ ਦੀ ਅਣਗਹਿਲੀ ਕਾਰਨ ਇਲਾਕੇ ਵਿੱਚ ਅਜਿਹੇ ਹਾਦਸੇ ਵਾਪਰ ਰਹੇ ਹਨ। ਅਜੇ 2 ਦਿਨ ਪਹਿਲਾਂ ਹੀ ਇੱਥੇ ਲਗਾਤਾਰ 3 ਧਮਾਕੇ ਹੋਏ ਸਨ, ਜਿਸ ਕਾਰਨ 4 ਤੋਂ 5 ਲੋਕਾਂ ਦੇ ਘਰਾਂ ਦਾ ਸਾਮਾਨ ਸੜ ਗਿਆ ਸੀ। ਇਸ ਸਮੱਸਿਆ ਸਬੰਧੀ ਲੋਕ ਪਹਿਲਾਂ ਵੀ ਪਾਵਰਕਾਮ ਨੂੰ ਲਿਖਤੀ ਸ਼ਿਕਾਇਤਾਂ ਕਰ ਚੁੱਕੇ ਹਨ ਪਰ ਪਾਵਰਕਾਮ ਦੀ ਢਿੱਲੀ ਕਾਰਜਸ਼ੈਲੀ ਕਾਰਨ ਆਏ ਦਿਨ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਇਲਾਕਾ ਨਿਵਾਸੀ ਸੋਨੂੰ ਨੇ ਦੱਸਿਆ ਕਿ ਉਸ ਦਾ ਕਰੀਬ 2 ਤੋਂ ਢਾਈ ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਘਰ ਦਾ ਸਾਮਾਨ ਸੜ ਗਿਆ। ਪਾਵਰਕਾਮ ਦੀ ਲਾਪ੍ਰਵਾਹੀ ਦਾ ਖਮਿਆਜ਼ਾ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ।
ਡੀਪੀ ਕਾਲੋਨੀ ਦੇ ਚੰਚਲ ਪਾਂਡੇ ਨੇ ਦੱਸਿਆ ਕਿ ਉਸ ਦਾ ਬੈਟਰੀ ਸਿਸਟਮ ਖਰਾਬ ਹੋ ਗਿਆ। ਉਨ੍ਹਾਂ ਮੁਤਾਬਕ ਪਹਿਲਾਂ ਤੜਕੇ 3:30 ਵਜੇ ਧਮਾਕਾ ਹੋਇਆ ਸੀ। ਇਸ ਤਰ੍ਹਾਂ ਜੇਕਰ ਇਲਾਕੇ ਵਿੱਚ ਅਸਮਾਨੀ ਬਿਜਲੀ ਡਿੱਗਦੀ ਹੈ ਤਾਂ ਲੋਕਾਂ ਦੀ ਜਾਨ ਨੂੰ ਖਤਰਾ ਬਣਿਆ ਰਹਿੰਦਾ ਹੈ। ਦੋ ਦਿਨ ਪਹਿਲਾਂ ਵੀ ਤਿੰਨ ਧਮਾਕੇ ਹੋਏ ਸਨ। ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਨਹੀਂ ਹੋਣਾ ਚਾਹੀਦਾ। ਸਰਕਾਰ ਤੋਂ ਮੰਗ ਹੈ ਕਿ ਜਿਨ੍ਹਾਂ ਲੋਕਾਂ ਦਾ ਨੁਕਸਾਨ ਹੋਇਆ ਹੈ, ਉਨ੍ਹਾਂ ਨੂੰ ਤੁਰੰਤ ਮੁਆਵਜ਼ਾ ਦਿੱਤਾ ਜਾਵੇ।

ਇਸ ਸੰਬੰਧ ਵਿੱਚ ਜਦੋਂ ਬਿਜਲੀ ਵਿਭਾਗ ਇਲਾਕੇ ਪੁੱਜਿਆ ਤਾਂ ਲੋਕਾਂ ਵੱਲੋਂ ਬਿਜਲੀ ਮੁਲਾਜਮਾਂ ਨੂੰ ਰੋਕਿਆ ਗਿਆ । ਬਿਜਲੀ ਮੁਲਾਜ਼ਮ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਰਮਿਟ ਆਉਣ ‘ਤੇ ਬਿਜਲੀ ਬਲਾਸਟ ਬਾਰੇ ਦੱਸਿਆ ਜਾਏਗਾ। ਅਧਿਕਾਰੀਆਂ ਮੁਤਾਬਕ ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਤਾਰ ਵਾਰ-ਵਾਰ ਸ਼ਾਰਟ ਕਿਉਂ ਹੋ ਰਹੀ ਹੈ।