ਖੰਨਾ | ਲੁਧਿਆਣਾ ਕੋਰਟ ਕੰਪਲੈਕਸ ‘ਚ 23 ਦਸੰਬਰ ਨੂੰ ਹੋਏ ਬੰਬ ਬਲਾਸਟ ਵਿੱਚ ਮਾਰੇ ਗਏ ਮੁੱਖ ਆਰੋਪੀ ਗਗਨਦੀਪ ਸਿੰਘ ਗੱਗੀ ਦੇ ਪਰਿਵਾਰਕ ਮੈਂਬਰ ਤੇ ਕਰੀਬੀ ਲੋਕ ਵੀ ਉਸ ਦੇ ਕਾਰਨਾਮਿਆਂ ਤੋਂ ਅਣਜਾਣ ਨਹੀਂ ਸਨ। ਮਾਮਲੇ ਦੀ ਜਾਂਚ ’ਚ ਯਤਨਸ਼ੀਲ ਏਜੰਸੀਆਂ ਦੀ ਜਾਣਕਾਰੀ ਵਿੱਚ ਇਹ ਗੱਲ ਸਾਹਮਣੇ ਆਈ ਹੈ।
ਸੂਤਰਾਂ ਮੁਤਾਬਕ ਜਾਂਚ ਦੌਰਾਨ ਸਾਹਮਣੇ ਆਇਆ ਕਿ ਗੱਗੀ ਦੀ ਪਤਨੀ ਤੇ ਮਹਿਲਾ ਮਿੱਤਰ ਦੇ ਬੈਂਕ ਖਾਤੇ ਵਿੱਚ ਵਿਦੇਸ਼ੀ ਫੰਡਿੰਗ ਦੇ ਸਬੂਤ ਮਿਲੇ ਹਨ।
ਗਗਨਦੀਪ ਦੀ ਪਤਨੀ ਜਸਪ੍ਰੀਤ ਕੌਰ ਤੇ ਮਹਿਲਾ ਮਿੱਤਰ ਦੇ ਖਾਤੇ ’ਚ ਆਈ ਫੰਡਿੰਗ ਲੱਖਾਂ ਰੁਪਏ ਵਿੱਚ ਹੈ, ਜਿਸ ਵਿੱਚ ਜ਼ਿਆਦਾਤਰ ਪੈਸੇ ਜਰਮਨੀ ਤੋਂ ਆਏ। ਜਾਂਚ ਏਜੰਸੀਆਂ ਕੋਲ ਮੌਜੂਦ ਜਾਣਕਾਰੀ ਅਨੁਸਾਰ ਸਿੱਖ ਫਾਰ ਜਸਟਿਸ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਦੇ ਸਾਥੀ ਜਸਵਿੰਦਰ ਸਿੰਘ ਮੁਲਤਾਨੀ ਤੇ ਉਸ ਦੇ ਕਰੀਬੀਆਂ ਵੱਲੋਂ ਇਹ ਪੈਸਾ ਟ੍ਰਾਂਸਫ਼ਰ ਕੀਤਾ ਗਿਆ ਸੀ।
ਸੂਤਰਾਂ ਮੁਤਾਬਕ ਗੱਗੀ ਦੇ ਭਰਾ ਪ੍ਰੀਤਮ ਸਿੰਘ ਨੂੰ ਸਾਰੇ ਮਾਮਲੇ ਦੀ ਜਾਣਕਾਰੀ ਨਾ ਹੋਣ ਦੇ ਬਿਆਨ ’ਤੇ ਜਾਂਚ ਏਜੰਸੀਆਂ ਸੰਤੁਸ਼ਟ ਨਹੀਂ ਹਨ। ਇਸ ਸਬੰਧੀ ਪ੍ਰੀਤਮ ਸਿੰਘ ਵੀ ਏਜੰਸੀਆਂ ਦੇ ਸ਼ੱਕ ਦੇ ਰਾਡਾਰ ’ਤੇ ਹੈ। ਹਾਲਾਂਕਿ ਇਸ ਸਬੰਧੀ ਫ਼ਿਲਹਾਲ ਜਾਂਚ ਅਧਿਕਾਰੀ ਪੁਸ਼ਟੀ ਨਹੀਂ ਕਰ ਰਹੇ।
ਦੋਵੇਂ ਸਾਬਕਾ ਪੁਲਿਸ ਅਧਿਕਾਰੀਆਂ ਤੋਂ ਏਜੰਸੀਆਂ ਨੇ ਕੀਤੀ ਪੁੱਛਗਿੱਛ
ਖੰਨਾ ਪੁਲਿਸ ਦੇ 2 ਸਾਬਕਾ SHO ਤੋਂ ਬੁੱਧਵਾਰ ਨੂੰ ਲੁਧਿਆਣਾ ਵਿਖੇ ਜਾਂਚ ਏਜੰਸੀਆਂ ਵੱਲੋਂ ਪੁੱਛਗਿੱਛ ਕੀਤੀ ਗਈ। ਅਧਿਕਾਰੀਆਂ ਨੇ ਦੋਵੇਂ ਐੱਸਐੱਚਓ ਨੂੰ ਇਕੱਠੇ ਬਿਠਾ ਕੇ ਸਵਾਲ ਪੁੱਛੇ।
ਏਜੰਸੀਆਂ ਨੂੰ ਸਬੂਤ ਮਿਲੇ ਸਨ ਕਿ ਗਗਨਦੀਪ ਜੇਲ੍ਹ ਵਿੱਚ ਰਹਿੰਦੇ ਸਮੇਂ ਇਨ੍ਹਾਂ ਦੋਵਾਂ ਐੱਸਐੱਚਓ ਨਾਲ ਫ਼ੋਨ ’ਤੇ ਗੱਲ ਕਰਦਾ ਸੀ। ਏਜੰਸੀਆਂ ਨੂੰ ਗਗਨਦੀਪ ਦੇ ਨੈੱਟਵਰਕ ਨੂੰ ਲੈ ਕੇ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ।
ਆਈਬੀ ਦੇ ਅਧਿਕਾਰੀਆਂ ਵੱਲੋਂ ਮਹਿਲਾ ਕਾਂਸਟੇਬਲ ਤੋਂ ਪੁੱਛ-ਪੜਤਾਲ
ਸੂਤਰਾਂ ਮੁਤਾਬਕ ਕੇਂਦਰੀ ਇੰਟੈਲੀਜੈਂਸ ਬਿਓਰੋ ਆਈਬੀ ਦੇ ਅਧਿਕਾਰੀਆਂ ਨੇ ਬੁੱਧਵਾਰ ਨੂੰ ਸਦਰ ਥਾਣਾ ਖੰਨਾ ਵਿਖੇ ਗਗਨਦੀਪ ਗੱਗੀ ਦੀ ਮਹਿਲਾ ਮਿੱਤਰ ਕਾਂਸਟੇਬਲ ਤੋਂ ਪੁੱਛਗਿੱਛ ਕੀਤੀ ਗਈ।
ਦਿੱਲੀ ਤੋਂ ਆਈ ਟੀਮ ਨੇ ਲਗਭਗ 5 ਘੰਟਿਆਂ ਤੱਕ ਕਮਲਪ੍ਰੀਤ ਤੋਂ ਗਗਨਦੀਪ ਤੇ ਬੰਬ ਬਲਾਸਟ ਸਬੰਧੀ ਪੁੱਛਗਿੱਛ ਕੀਤੀ। ਜਾਂਚ ’ਚ ਲੱਗੇ ਪੰਜਾਬ ਪੁਲਿਸ ਦੇ ਉੱਚ ਅਧਿਕਾਰੀ ਵੀ ਮਹਿਲਾ ਕਾਂਸਟੇਬਲ ਨੂੰ ਮਿਲੇ।
ਮਾਮਲੇ ’ਚ ਹਾਲੇ ਤੱਕ ਕਾਂਸਟੇਬਲ ਦੀ ਗ੍ਰਿਫ਼ਤਾਰੀ ਨਹੀਂ ਪਾਈ ਗਈ ਪਰ ਪੰਜਾਬ ਤੋਂ ਲੈ ਕੇ ਕੇਂਦਰੀ ਜਾਂਚ ਏਜੰਸੀਆਂ ਵੱਲੋਂ ਉਸ ਤੋਂ ਲਗਾਤਾਰ ਪੁੱਛਗਿੱਛ ਕੀਤੀ ਜਾ ਰਹੀ ਹੈ।