ਤਾਮਿਲਨਾਡੂ ਦੇ ਲੋਕ ਸਿੱਖ ਵਿਚਾਰਧਾਰਾ ਤੋਂ ਬੇਹੱਦ ਪ੍ਰਭਾਵਿਤ, ਕਈ ਅੰਮ੍ਰਿਤ ਛਕਣ ਲਈ ਤਿਆਰ

0
334

ਲੁਧਿਆਣਾ। ਦੇਸ਼ ਦੇ ਦੱਖਣੀ ਸੂਬੇ ਤਾਮਿਲਨਾਡੂ ਦੇ ਲੋਕ ਸਿੱਖ ਵਿਚਾਰਧਾਰਾ ਤੋਂ ਬੇਹੱਦ ਪ੍ਰਭਵਿਤ ਹਨ। ਕਈ ਲੋਕ ਅੰਮ੍ਰਿਤ ਵੀ ਛਕਣ ਲਈ ਤਿਆਰ ਹਨ। ਇਹ ਦਾਅਵਾ ਹਵਾਰਾ ਕਮੇਟੀ ਦੇ ਪ੍ਰੋ. ਬਲਜਿੰਦਰ ਸਿੰਘ ਨੇ ਕੀਤਾ ਹੈ। ਉਨ੍ਹਾਂ ਕਿਹਾ ਕਿ ਤਾਮਿਲਨਾਡੂ ਦੇ ਲੋਕ ਗੁਰੂ ਨਾਨਕ ਦੇਵ ਦੀ ਸਮੁੱਚੀ ਮਨੁੱਖਤਾ ਲਈ ਬਰਾਬਰਤਾ ਤੇ ਜਾਤ-ਪਾਤ ਦੇ ਵਖਰੇਵੇਂ ਤੋਂ ਮੁਕਤ ਸਮਾਜ ਦੀ ਸਿਰਜਨਾ ਕਰਨ ਦੇ ਉਪਦੇਸ਼ਾਂ ਨੂੰ ਸਮੇਂ ਦਾ ਹਾਣੀ ਸਮਝਦੇ ਹਨ ਤੇ ਇਹ ਲੋਕ ਸਿੱਖ ਧਰਮ ਤੋਂ ਵਧੇਰੇ ਪ੍ਰਭਾਵਿਤ ਹਨ। 

ਉਨ੍ਹਾਂ ਦੱਸਿਆ ਕਿ ਉਹ ਹਾਲ ਹੀ ’ਚ ਚੇਨਈ ਵਿੱਚ ਇਸ ਵਿਸ਼ੇ ਨਾਲ ਸਬੰਧਤ ਇੱਕ ਫਿਲਮ ਮੇਲੇ ਦਾ ਉਦਘਾਟਨ ਕਰਕੇ ਪਰਤੇ ਹਨ। ਉਨ੍ਹਾਂ ਦੱਸਿਆ ਕਿ ਨਿਰਦੇਸ਼ਕ ਬਬਲ ਕਮਾਲ ਦੀ ਕ੍ਰਾਂਤੀਕਾਰੀ ਹਿੰਦੀ ਫਿਲਮ ‘ਸ਼ੁਦਰਾ ਟੂ ਖਾਲਸਾ’ ਤੋਂ ਪ੍ਰਭਾਵਿਤ ਹੋ ਕੇ ਬਹੁਜਨ ਦ੍ਰਵਿੜ ਪਾਰਟੀ ਦੇ ਪ੍ਰਧਾਨ ਐਡਵੋਕੇਟ ਜੀਵਨ ਕੁਮਾਰ ਮੱਲਾ ਨੇ ਇਸ ਫਿਲਮ ਦੇ ਡਾਇਲਾਗ ਦਾ ਤਰਜਮਾ ਤੇਲਗੂ ਭਾਸ਼ਾ ਵਿੱਚ ਕਰਕੇ ਆਪਣੇ ਸੂਬੇ ਵਿੱਚ ਵੀ ਇਹ ਫਿਲਮ ਦਿਖਾਈ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਸਮਾਜਿਕ ਸ਼ੋਸ਼ਣ ਦੇ ਖ਼ਿਲਾਫ਼ ਹੈ ਤੇ ਦਲਿਤਾਂ ਨੂੰ ਬਣਦਾ ਸਨਮਾਨ ਵੀ ਦਿੰਦੀ ਹੈ। 

ਹਵਾਰਾ ਕਮੇਟੀ ਦੇ ਬੁਲਾਰੇ ਨੇ ਦੱਸਿਆ ਕਿ ਤਾਮਿਲ ਇੰਜਨੀਅਰ ਸਿਲਵਾ ਸਿੰਘ, ਕੋਰਕੇ ਪਲਾਨੀਸਮੀ ਸਿੰਘ, ਇਮਾਨੂੰਏਲ ਸਿੰਘ, ਸਿਲਮਬਰਾਸਨ ਸਿੰਘ, ਰਾਜੀਵ ਥੌਮਸ ਸਿੱਖ ਧਰਮ ਤੋਂ ਪ੍ਰਭਾਵਿਤ ਹੋ ਕੇ ਅੰਮ੍ਰਿਤ ਛਕਣ ਲਈ ਤਿਆਰ ਹਨ। ਉਨ੍ਹਾਂ ਦੱਸਿਆ ਕਿ ਉਸ ਸੂਬੇ ਦੇ ਲੋਕਾਂ ਵਿੱਚ ਆਪਣੀ ਮਾਂ ਬੋਲੀ ਤਮਿਲ ਦੀ ਵਰਤੋਂ ਕਰਨ ਲਈ ਜੋ ਪਿਆਰ ਤੇ ਦ੍ਰਿੜ੍ਹਤਾ ਦੇਖਣ ਨੂੰ ਮਿਲੀ ਹੈ, ਉਹ ਪੰਜਾਬੀਆਂ ਵਿੱਚ ਬਹੁਤ ਘੱਟ ਹੈ।