ਲੁਧਿਆਣਾ, 24 ਅਕਤੂਬਰ | ਪੱਖੋਵਾਲ ਰੋਡ ‘ਤੇ ਵਾਪਰੇ ਸੜਕ ਹਾਦਸੇ ‘ਚ ਇਕ ਪਰਿਵਾਰ ਦਾ ਇਕਲੌਤਾ ਚਿਰਾਗ ਬੁੱਝ ਗਿਆ। ਨੌਜਵਾਨ ਹਾਦਸੇ ਵਿਚ ਜ਼ਖਮੀ ਹੋ ਗਿਆ ਸੀ, ਲੋਕਾਂ ਨੇ ਉਸ ਨੂੰ ਸਿਵਲ ਹਸਪਤਾਲ ਪਹੁੰਚਾਇਆ ਪਰ ਇਲਾਜ ਦੌਰਾਨ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਪਿੰਡ ਮਨਦੀਪ ਵਾਸੀ ਡਾਂਗੋ ਵਜੋਂ ਹੋਈ ਹੈ। ਮਨਦੀਪ ਸ਼ੀਸ਼ੇ ਦਾ ਕਾਰੀਗਰ ਸੀ, ਜੋ ਮਹਾਨਗਰ ਵਿਚ ਇਕ ਦੁਕਾਨ ‘ਤੇ ਕੰਮ ਕਰਦਾ ਸੀ।
ਮਨਦੀਪ ਪਰਿਵਾਰ ਦਾ ਇਕਲੌਤਾ ਪੁੱਤਰ ਸੀ। ਉਸਦੀ ਇਕ ਵੱਡੀ ਭੈਣ ਹੈ। ਮ੍ਰਿਤਕ ਦੇ ਵਾਰਿਸਾਂ ਨੇ ਦੱਸਿਆ ਕਿ ਉਨ੍ਹਾਂ ਦਾ ਲੜਕਾ ਦੇਰ ਰਾਤ ਕੰਮ ਤੋਂ ਪਰਤਿਆ ਸੀ ਅਤੇ ਬਾਈਕ ’ਤੇ ਬਾਜ਼ਾਰ ’ਚੋਂ ਸਾਮਾਨ ਲੈਣ ਗਿਆ ਸੀ। ਪੱਖੋਵਾਲ ਰੋਡ ’ਤੇ ਪਿੰਡ ਡਾਂਗੋ ਨੇੜੇ ਹਨੇਰਾ ਸੀ, ਜਿਸ ਕਾਰਨ ਉਹ ਲੈਂਟਰ ਪਾਉਣ ਵਾਲੀ ਮਸ਼ੀਨ ਨੂੰ ਸੜਕ ‘ਤੇ ਆਉਂਦੇ ਨਹੀਂ ਦੇਖ ਸਕਿਆ।

ਡਰਾਈਵਰ ਵੀ ਮਸ਼ੀਨ ਨੂੰ ਤੇਜ਼ ਰਫ਼ਤਾਰ ਨਾਲ ਚਲਾ ਰਿਹਾ ਸੀ। ਇਸ ਦੀ ਲਾਈਟ ਨਹੀਂ ਜਗ ਰਹੀ ਸੀ। ਇਸ ਕਾਰਨ ਮਨਦੀਪ ਮਸ਼ੀਨ ਨਾਲ ਟਕਰਾਅ ਗਿਆ। ਲੋਕਾਂ ਨੇ ਮਨਦੀਪ ਨੂੰ ਤੁਰੰਤ ਸਿਵਲ ਹਸਪਤਾਲ ਪਹੁੰਚਾਇਆ ਪਰ ਇਥੇ ਡਾਕਟਰਾਂ ਨੇ ਇਲਾਜ ਦੌਰਾਨ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਪਰਿਵਾਰਕ ਮੈਂਬਰਾਂ ਦਾ ਰੋ-ਰੋ ਬੁਰਾ ਹਾਲ ਹੈ। ਫਿਲਹਾਲ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ ‘ਚ ਰਖਵਾਇਆ ਗਿਆ ਹੈ। ਥਾਣਾ ਜੋਧਾਂ ਦੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਿਸ ਅਨੁਸਾਰ ਦੋਸ਼ੀ ਖ਼ਿਲਾਫ਼ ਜਲਦੀ ਹੀ ਕਾਰਵਾਈ ਕੀਤੀ ਜਾਵੇਗੀ।