ਲੁਧਿਆਣਾ| ਜ਼ਿਲ੍ਹੇ ਦੇ ਸਮਰਾਲਾ ਕਸਬੇ ‘ਚ ਕਰਿਆਨਾ ਸਟੋਰ ‘ਚ ਅਚਾਨਕ ਭਿਆਨਕ ਅੱਗ ਲੱਗ ਗਈ। ਅੱਗ ਲੱਗਣ ਦੀ ਸੂਚਨਾ ਫਾਇਰ ਬ੍ਰਿਗੇਡ ਨੂੰ ਦਿੱਤੀ ਗਈ। ਫਾਇਰ ਬ੍ਰਿਗੇਡ ਦੀਆਂ 5 ਗੱਡੀਆਂ ਅੱਗ ‘ਤੇ ਕਾਬੂ ਪਾਉਣ ‘ਚ ਲੱਗੀਆਂ ਹੋਈਆਂ ਹਨ। ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਪਰ ਦੱਸਿਆ ਜਾ ਰਿਹਾ ਹੈ ਕਿ ਅੱਗ ਲੱਗਣ ਕਾਰਨ ਕਰਿਆਨਾ ਸਟੋਰ ‘ਚ ਪਿਆ ਲੱਖਾਂ ਦਾ ਸਮਾਂ ਸੜ ਕੇ ਸੁਆਹ ਹੋ ਗਿਆ ਹੈ।
ਅੱਗ ਦੀਆਂ ਲਪਟਾਂ ਦੇਖ ਕੇ ਲੋਕਾਂ ਨੇ ਤੁਰੰਤ ਕਰਿਆਨਾ ਸਟੋਰ ਦੇ ਮਾਲਕ ਨੂੰ ਸੂਚਨਾ ਦਿੱਤੀ। ਰਵਿੰਦਰ ਕਰਿਆਨਾ ਸਟੋਰ ਦੇ ਮਾਲਕ ਨਰਿੰਦਰ ਨੇ ਅੱਗ ਲੱਗਣ ਦੀ ਸੂਚਨਾ ਫਾਇਰ ਦਫ਼ਤਰ ਨੂੰ ਦਿੱਤੀ। ਫਾਇਰ ਬ੍ਰਿਗੇਡ ਦੇ ਕਰਮਚਾਰੀ ਸੂਚਨਾ ਮਿਲਣ ‘ਤੇ ਸਮੇਂ ਸਿਰ ਅੱਗ ਬੁਝਾਉਣ ਲਈ ਪਹੁੰਚ ਗਏ ਪਰ ਸਰਕਾਰ ਵੱਲੋਂ ਉਨ੍ਹਾਂ ਨੂੰ ਅੱਗ ਬੁਝਾਉਣ ਲਈ ਦਿੱਤੀਆਂ ਗਈਆਂ ਪਾਣੀ ਦੀਆਂ ਪਾਈਪਾਂ ਥਾਂ-ਥਾਂ ਤੋਂ ਫਟੀਆਂ ਹੋਈਆਂ ਸਨ। ਪਾਈਪ ਫਟਣ ਕਾਰਨ ਪਾਣੀ ਦਾ ਪ੍ਰੈਸ਼ਰ ਬਣਾਉਣ ਵਿੱਚ ਦਿੱਕਤ ਆਈ। ਜਿਸ ਕਾਰਨ ਮੁਲਾਜ਼ਮਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ‘ਤੇ ਅੱਗ ਬੁਝਾਉਣ ‘ਚ ਦੇਰੀ ਹੋ ਗਈ।
ਕਰਿਆਨਾ ਸਟੋਰ ਦੇ ਮਾਲਕ ਨਰਿੰਦਰ ਖੁੱਲਰ ਨੇ ਦੱਸਿਆ ਕਿ ਮਾਲ ਰੱਖਣ ਲਈ ਉਪਰਲੀ ਮੰਜ਼ਿਲ ’ਤੇ ਗੋਦਾਮ ਬਣਾਇਆ ਗਿਆ ਹੈ। ਅੱਗ ਦੀਆਂ ਲਪਟਾਂ ਦੂਰੋਂ ਦਿਖਾਈ ਦੇ ਰਹੀਆਂ ਸਨ। ਅੱਗ ਲੱਗਣ ਕਾਰਨ ਲੱਖਾਂ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ। ਦੱਸ ਦਈਏ ਕਿ ਇਹ ਸਥਿਤੀ ਸਿਰਫ਼ ਇੱਕ ਘਟਨਾ ਦੀ ਨਹੀਂ ਹੈ, ਅਕਸਰ ਸਮਰਾਲਾ ਇਲਾਕੇ ਵਿੱਚ ਅੱਗ ਲੱਗਣ ਦੀ ਘਟਨਾ ਵਾਪਰਦੀ ਹੈ ਤਾਂ ਫਾਇਰ ਕਰਮੀਆਂ ਨੂੰ ਫਟੇ ਹੋਏ ਪਾਈਪਾਂ ਨਾਲ ਕੰਮ ਕਰਨਾ ਪੈਂਦਾ ਹੈ।
ਅੱਗ ਲੱਗਣ ਦੀ ਸੂਚਨਾ ਮਿਲਦਿਆਂ ਹੀ DSP ਸਮਰਾਲਾ ਵਰਿਆਮ ਸਿੰਘ ਤੁਰੰਤ ਮੌਕੇ ’ਤੇ ਪੁੱਜੇ। DSP ਵਰਿਆਮ ਸਿੰਘ ਨੇ ਦੱਸਿਆ ਕਿ ਫਾਇਰ ਬ੍ਰਿਗੇਡ ਦੀ ਪਾਈਪ ਫਟੀ ਹੋਈ ਸੀ। ਅਧਿਕਾਰੀ ਨੇ ਦੱਸਿਆ ਕਿ ਫਟੀਆਂ ਪਾਈਪਾਂ ਸਬੰਧੀ ਵਿਭਾਗ ਨੂੰ ਪੱਤਰ ਲਿਖਿਆ ਗਿਆ ਹੈ, ਜਲਦੀ ਹੀ ਪਾਈਪਾਂ ਬਦਲ ਦਿੱਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਠੋਸ ਪ੍ਰਬੰਧ ਨਾ ਹੋਣ ਕਾਰਨ SDM ਨਾਲ ਗੱਲ ਕਰਨਗੇ ਤਾਂ ਜੋ ਇਸ ਸਮੱਸਿਆ ਦਾ ਜਲਦੀ ਹੱਲ ਕੀਤਾ ਜਾ ਸਕੇ।