ਲੁਧਿਆਣਾ : ਦੋਸਤ ਨੇ ਦੋਸਤ ਨੂੰ ਬੈਲਟ ਨਾਲ ਗਲ਼ਾ ਘੁੱਟ ਕੇ ਮਾਰਿਆ, ਹੋਰ ਸ਼ਰਾਬ ਲਿਆਉਣ ਲਈ ਪੈਸੇ ਮੰਗਣ ‘ਤੇ ਹੋਇਆ ਸੀ ਝਗੜਾ

0
292

ਲੁਧਿਆਣਾ| ਡੇਹਲੋਂ ਇਲਾਕੇ ‘ਚ ਦੋਸਤ ਨੇ ਆਪਣੇ ਹੀ ਸਾਥੀ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਅਤੇ ਲਾਸ਼ ਨੂੰ ਖੇਤਾਂ ‘ਚ ਸੁੱਟ ਦਿੱਤਾ। ਪਰਿਵਾਰ ਨੇ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ। ਜਿਸ ਤੋਂ ਬਾਅਦ ਥਾਣਾ ਡੇਹਲੋਂ ਦੀ ਪੁਲਸ ਨੇ ਮ੍ਰਿਤਕ ਉਦੈ ਬਹਾਦਰ (48) ਦੀ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਰੱਖਵਾ ਦਿੱਤਾ ਹੈ। ਇਸ ਦੇ ਨਾਲ ਹੀ ਮੁਲਜ਼ਮ ਸ਼ੰਕਰ ਬਹਾਦਰ ਵਾਸੀ ਪਿੰਡ ਆਲਮਗੀਰ ਨੂੰ ਕਾਬੂ ਕਰ ਲਿਆ।

ਦੋਵੇਂ ਕਿਰਾਏ ਦੇ ਕਮਰੇ ਵਿੱਚ ਇਕੱਠੇ ਰਹਿੰਦੇ ਸਨ

ਐਸਐਚਓ ਡੇਹਲੋਂ ਪਰਮਦੀਪ ਸਿੰਘ ਨੇ ਦੱਸਿਆ ਕਿ ਉਦੈ ਬਹਾਦਰ ਪਿੰਡ ਆਲਮਗੀਰ ਵਿੱਚ ਚੌਕੀਦਾਰ ਦਾ ਕੰਮ ਕਰਦਾ ਸੀ ਅਤੇ ਆਪਣੇ ਦੋਸਤ ਸ਼ੰਕਰ ਬਹਾਦਰ ਨਾਲ ਪਿੰਡ ਵਿੱਚ ਕਿਰਾਏ ’ਤੇ ਰਹਿੰਦਾ ਸੀ। ਉਸ ਦੇ ਭਤੀਜੇ ਨਰਿੰਦਰ ਬਹਾਦਰ ਨੇ ਉਸ ਨੂੰ ਸ਼ਿਕਾਇਤ ਦਿੱਤੀ ਸੀ ਕਿ 7 ਜੂਨ ਨੂੰ ਉਸ ਦੇ ਚਾਚੇ ਦੀ ਲਾਸ਼ ਸਰੀਂਹ ਨੇੜੇ ਖੇਤਾਂ ਵਿਚ ਸੜੀ ਹਾਲਤ ਵਿਚ ਸ਼ੱਕੀ ਹਾਲਾਤਾਂ ਵਿਚ ਮਿਲੀ ਸੀ। ਇਸ ਮਾਮਲੇ ਵਿਚ ਪੁਲਸ ਨੇ ਉਸ ਦੇ ਦੋਸਤ ਨੂੰ ਹਿਰਾਸਤ ‘ਚ ਲੈ ਲਿਆ। ਪੁੱਛਗਿੱਛ ਕਰਨ ‘ਤੇ ਉਸ ਨੇ ਦੱਸਿਆ ਕਿ ਦੋਵੇਂ 6 ਜੂਨ ਦੀ ਰਾਤ ਨੂੰ ਸ਼ਰਾਬ ਪੀ ਰਹੇ ਸਨ।

ਇਸ ਦੌਰਾਨ ਉਦੈ ਨੇ ਕਿਹਾ ਕਿ ਤੁਸੀਂ ਸ਼ਰਾਬ ਜ਼ਿਆਦਾ ਪੀਤੀ ਹੈ ਅਤੇ ਮੈਂ ਘੱਟ ਪੀਤੀ ਹੈ। ਇਸ ਗੱਲ ਨੂੰ ਲੈ ਕੇ ਉਨ੍ਹਾਂ ਵਿੱਚ ਬਹਿਸ ਹੋ ਗਈ। ਜਿਸ ਤੋਂ ਬਾਅਦ ਉਦੈ ਨੇ ਪੈਸਿਆਂ ਦੀ ਮੰਗ ਸ਼ੁਰੂ ਕਰ ਦਿੱਤੀ। ਉਦੈ ਨੇ ਕਿਹਾ ਕਿ ਉਸਨੇ ਉਸ ਤੋਂ 100 ਰੁਪਏ ਲੈਣੇ ਹਨ। ਜੋ ਕਿ ਸ਼ੰਕਰ ਨੇ ਕੁਝ ਦਿਨ ਪਹਿਲਾਂ ਉਸ ਤੋਂ ਲਏ ਸਨ। ਇਸੇ ਕਾਰਨ ਦੋਵਾਂ ਵਿਚਾਲੇ ਝਗੜਾ ਸ਼ੁਰੂ ਹੋ ਗਿਆ। ਉਦੈ ਨੇ ਸ਼ੰਕਰ ਦੀ ਬੈਲਟ ਕੱਢ ਕੇ ਉਸਦਾ ਗਲਾ ਘੁੱਟਣ ਦੀ ਕੋਸ਼ਿਸ਼ ਕੀਤੀ, ਪਰ ਸ਼ੰਕਰ ਨੇ ਉਸ ਤੋਂ ਬੈਲਟ ਖੋਹ ਲਈ ਅਤੇ ਉਸੇ ਬੈਲਟ ਨਾਲ ਉਦੈ ਦਾ ਗਲਾ ਘੁੱਟ ਦਿੱਤਾ। ਜਿਸ ਤੋਂ ਬਾਅਦ ਲਾਸ਼ ਨੂੰ ਖੇਤਾਂ ‘ਚ ਸੁੱਟ ਦਿੱਤਾ ਗਿਆ।