ਲੁਧਿਆਣਾ, 28 ਜਨਵਰੀ| ਪੰਜਾਬ ਵਿਚ ਸੜਕ ਹਾਦਸਿਆਂ ਵਿਚ ਦਿਨੋ-ਦਿਨ ਵਾਧਾ ਹੁੰਦਾ ਜਾ ਰਿਹਾ ਹੈ। ਇਨ੍ਹਾਂ ਸੜਕ ਹਾਦਸਿਆਂ ਵਿਚ ਕਈ ਕੀਮਤੀ ਜਾਨਾਂ ਚਲੀ ਜਾਂਦੀਆਂ ਹਨ। ਅਜਿਹਾ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ, ਜਿਥੇ ਸਾਈਕਲ ਸਵਾਰ ਲਈ ਸਵਿਫਟ ਕਾਰ ਕਾਲ ਬਣ ਕੇ ਆਈ ਤੇ ਉਹ ਪਲਾਂ ਦੇ ਵਿਚ ਹੀ ਮੌਤ ਦੇ ਮੂੰਹ ਵਿਚ ਚਲਾ ਗਿਆ।
ਹਾਦਸਾ ਮੁੱਲਾਂਪੁਰ ਸ਼ਹਿਰ ਦੇ ਰਾਏਕੋਟ ਰੋਡ ‘ਤੇ ਵਾਪਰਿਆ ਹੈ। ਕਾਰ ਤੇ ਸਾਈਕਲ ਦੀ ਆਹਮੋ-ਸਾਹਮਣੇ ਟੱਕਰ ਹੋ ਗਈ, ਜਿਸ ਵਿਚ ਕਾਰ ਪੂਰੀ ਤਰ੍ਹਾਂ ਚਕਨਾਚੂਰ ਹੋ ਗਈ ਤੇ ਸਾਈਕਲ ਸਵਾਰ ਵਿਅਕਤੀ ਦੀ ਇਸ ਹਾਦਸੇ ਵਿਚ ਜਾਨ ਚਲੀ ਗਈ। ਮ੍ਰਿਤਕ ਦੀ ਪਛਾਣ ਅਸ਼ੋਕ ਰਾਮ ਪੁੱਤਰ ਰਾਮ ਲਾਲ ਵਜੋਂ ਹੋਈ ਹੈ। ਅਸ਼ੋਕ ਜੋ ਕਿ ਸਾਈਕਲ ‘ਤੇ ਆ ਰਿਹਾ ਸੀ ਕਿ ਤੇਜ਼ ਰਫਤਾਰ ਕਾਰ ਨਾਲ ਉਸ ਦੀ ਟੱਕਰ ਹੋ ਗਈ ਤੇ ਮੌਕੇ ‘ਤੇ ਹੀ ਉਸ ਦੀ ਮੌਤ ਹੋ ਗਈ। ਮੌਕੇ ‘ਤੇ ਮੌਜੂਦ ਲੋਕਾਂ ਵੱਲੋਂ ਸਾਈਕਲ ਸਵਾਰ ਵਿਅਕਤੀ ਨੂੰ ਬਚਾਉਣ ਦੀ ਕੋਸ਼ਿਸ਼ ਗਈ ਪਰ ਟੱਕਰ ਕਾਫੀ ਭਿਆਨਕ ਸੀ।
ਹਾਲਾਂਕਿ ਪੁਲਿਸ ਅਧਿਕਾਰੀ ਮੌਕੇ ‘ਤੇ ਪਹੁੰਚ ਗਏ ਹਨ ਤੇ ਉਨ੍ਹਾਂ ਵੱਲੋਂ ਪੂਰੀ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਗੱਡੀ ਚਾਲਕ ਫਰਾਰ ਹੋ ਗਏ ਹਨ। ਹੁਣ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।