ਲੁਧਿਆਣਾ : ਚਿੱਟੇ ਦਾ ਟੀਕਾ ਲਾਉਣ ਨਾਲ 30 ਸਾਲ ਦੇ ਨੌਜਵਾਨ ਦੀ ਮੌਤ, ਮਜ਼ਦੂਰੀ ਕਰਦਾ ਸੀ ਮ੍ਰਿਤਕ

0
350

ਲੁਧਿਆਣਾ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਪਿੰਡ ਚੌਤਾ ਵਿਚ ਸਰਕਾਰੀ ਸਕੂਲ ਦੇ ਬਾਹਰ ਨੌਜਵਾਨ ਦੀ ਮੌਤ ਹੋ ਗਈ। ਉਸ ਦੀ ਲਾਸ਼ ਸਵੇਰੇ ਸਕੂਲ ਦੇ ਗੇਟ ਕੋਲੋਂ ਹੱਥ ‘ਤੇ ਸਰਿੰਜ ਲੱਗੀ ਡਿੱਗੀ ਮਿਲੀ। ਨੌਜਵਾਨ ਦੀ ਮੌਤ ਤੋਂ ਬਾਅਦ ਇਲਾਕੇ ‘ਚ ਸੋਗ ਪਾਇਆ ਜਾ ਰਿਹਾ ਹੈ। ਸਮਾਜ ਸੇਵੀ ਦਿਆਲ ਸਿੰਘ ਮੰਡ ਨੇ ਦੱਸਿਆ ਕਿ ਪਿੰਡ ਦੀਸ਼ਾ ਦਾ 30 ਸਾਲਾ ਨੌਜਵਾਨ ਪਿਛਲੇ 1 ਸਾਲ ਤੋਂ ਨਸ਼ੇ ਦਾ ਆਦੀ ਸੀ ਤੇ ਮਜ਼ਦੂਰੀ ਦਾ ਕੰਮ ਕਰਦਾ ਸੀ। ਉਸ ਦਾ ਪਿਤਾ ਵੀ ਮਜ਼ਦੂਰ ਹੈ ਤੇ ਨਸ਼ੇ ਤੋਂ ਛੁਟਕਾਰਾ ਪਾਉਣ ਲਈ ਉਸ ਦਾ ਕਈ ਵਾਰ ਇਲਾਜ ਕਰਵਾ ਰਿਹਾ ਸੀ ਪਰ ਪਿਛਲੇ ਕੁਝ ਦਿਨਾਂ ਤੋਂ ਉਨ੍ਹਾਂ ਨੇ ਦੁਬਾਰਾ ਨਸ਼ਾ ਕਰਨਾ ਸ਼ੁਰੂ ਕਰ ਦਿੱਤਾ ਸੀ।

ਉਹ ਰਾਤ ਨੂੰ ਬਿਨਾਂ ਦੱਸੇ ਘਰੋਂ ਚਲਾ ਗਿਆ ਤੇ ਸਵੇਰੇ ਸਕੂਲ ਦੇ ਬਾਹਰ ਡਿੱਗਾ ਮਿਲਿਆ। ਇਸ ਤੋਂ ਬਾਅਦ ਲੋਕ ਇਕੱਠੇ ਹੋ ਗਏ। ਸਤਲੁਜ ਦਰਿਆ ਕੰਢੇ ਵਸੇ ਪਿੰਡ ਵਿਚ ਲੰਮੇ ਸਮੇਂ ਤੋਂ ਨਸ਼ਾ ਵਿਕ ਰਿਹਾ ਹੈ। ਇਥੇ ਨਸ਼ੇ ਕਾਰਨ ਕਈ ਮੌਤਾਂ ਹੋ ਚੁੱਕੀਆਂ ਹਨ। ਇਸ ਪਿੰਡ ਨੂੰ ਨਸ਼ੇ ਦੀ ਮੰਡੀ ਵੀ ਕਿਹਾ ਜਾਂਦਾ ਹੈ ਕਿਉਂਕਿ ਦੂਰੋਂ-ਦੂਰੋਂ ਲੋਕ ਇਥੇ ਨਸ਼ਾ ਲੈਣ ਆਉਂਦੇ ਹਨ।