ਲੁਧਿਆਣਾ | ਇਥੋਂ ਇਕ ਸ਼ਰਮਨਾਕ ਖਬਰ ਸਾਹਮਣੇ ਆਈ ਹੈ। ਸ਼ਹਿਰ ਦੇ ਇਕ ਇਲਾਕੇ ਵਿਚ 13 ਸਾਲ ਦੀ ਨਾਬਾਲਿਗ ਬੱਚੀ ਨਾਲ ਕਈ ਦਿਨਾਂ ਤਕ ਜਬਰ-ਜ਼ਨਾਹ ਹੋਣ ਦੀ ਘਟਨਾ ਸਾਹਮਣੇ ਆਈ ਹੈ। ਮੁਲਜ਼ਮ ਨੇ ਪਹਿਲਾਂ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਅਗਵਾ ਕੀਤਾ ਅਤੇ ਬਾਅਦ ਵਿਚ ਉਸ ਨਾਲ ਕਈ ਦਿਨਾਂ ਤੱਕ ਬਲਾਤਕਾਰ ਕੀਤਾ। ਪੂਰੇ ਇਕ ਮਹੀਨੇ ਬਾਅਦ ਬੀਮਾਰ ਹਾਲਤ ਵਿਚ ਲੜਕੀ ਮਾਪਿਆਂ ਕੋਲ ਪਹੁੰਚੀ। ਇਸ ਮਾਮਲੇ ਵਿਚ ਥਾਣਾ ਡਵੀਜ਼ਨ ਨੰ. 6 ਦੀ ਪੁਲਿਸ ਨੇ ਜਨਤਾ ਨਗਰ ਦੇ ਰਹਿਣ ਵਾਲੇ ਕ੍ਰਿਸ਼ਨਾ ਪ੍ਰਸਾਦ (21) ਖਿਲਾਫ ਮੁਕੱਦਮਾ ਦਰਜ ਕਰਕੇ ਗ੍ਰਿਫਤਾਰ ਕਰ ਲਿਆ ਹੈ।
ਪੁਲਿਸ ਨੂੰ ਜਾਣਕਾਰੀ ਦਿੰਦਿਆਂ ਲੜਕੀ ਦੇ ਪਿਤਾ ਨੇ ਦੱਸਿਆ ਕਿ ਤਕਰੀਬਨ ਇਕ ਮਹੀਨੇ ਪਹਿਲਾਂ ਦੁਪਹਿਰ 3 ਵਜੇ ਦੇ ਕਰੀਬ ਘਰ ਦੇ ਬਾਹਰੋਂ ਉਨ੍ਹਾਂ ਦੀ ਨਾਬਾਲਗ ਧੀ ਅਚਾਨਕ ਲਾਪਤਾ ਹੋ ਗਈ। ਪੜਤਾਲ ਕਰਨ ‘ਤੇ ਪਤਾ ਲੱਗਾ ਕਿ ਮੁਲਜ਼ਮ ਕ੍ਰਿਸ਼ਨਾ ਪ੍ਰਸਾਦ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਵਰਗਲਾ ਕੇ ਲੈ ਗਿਆ ਹੈ। ਹੁਣ ਪੂਰੇ ਇਕ ਮਹੀਨੇ ਬਾਅਦ ਲੜਕੀ ਲੋਹਾ ਮਾਰਕੀਟ ਮਿਲਰਗੰਜ ਦੇ ਕੋਲੋਂ ਬੀਮਾਰ ਹਾਲਤ ਵਿਚ ਮਿਲ ਗਈ।
ਲੜਕੀ ਨੇ ਮਾਪਿਆਂ ਨੂੰ ਦੱਸਿਆ ਕਿ ਮੁਲਜ਼ਮ ਉਸ ਨੂੰ ਵਰਗਲਾ ਕੇ ਕਿਧਰੇ ਲੈ ਗਿਆ ਸੀ ਅਤੇ ਉਸਨੇ ਕਈ ਦਿਨਾਂ ਤੱਕ ਉਸ ਦੀ ਮਰਜ਼ੀ ਦੇ ਬਿਨਾਂ ਸਰੀਰਕ ਸਬੰਧ ਬਣਾਏ। ਉਧਰੋਂ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਥਾਣਾ ਡਵੀਜ਼ਨ ਨੰਬਰ 6 ਦੀ ਪੁਲਿਸ ਨੇ ਮੁਲਜ਼ਮ ਕ੍ਰਿਸ਼ਨਾ ਪ੍ਰਸਾਦ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਹੈ। ਥਾਣਾ ਮੁਖੀ ਸਤਵੰਤ ਸਿੰਘ ਦਾ ਕਹਿਣਾ ਹੈ ਕਿ ਨਾਕਾਬੰਦੀ ਦੌਰਾਨ ਮੁਲਜ਼ਮ ਕ੍ਰਿਸ਼ਨਾ ਪ੍ਰਸਾਦ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।