ਲੁਧਿਆਣਾ। ਸ਼ਹਿਰ ਵਿੱਚ 26 ਅਤੇ 27 ਸਤੰਬਰ ਨੂੰ ਪੈਲੇਸ ਵਿੱਚ ਹੋਏ ਦੋ ਵਿਆਹਾਂ ਵਿੱਚ ਦਾਖ਼ਲ ਹੋ ਕੇ ਲਾੜੀ ਅਤੇ ਉਸ ਦੇ ਰਿਸ਼ਤੇਦਾਰਾਂ ਦਾ ਪਰਸ ਚੋਰੀ ਕਰਨ ਵਾਲੀ ਮਾਂ-ਧੀ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਔਰਤ ਨੇ ਦੋ ਰਿਸ਼ਤੇਦਾਰਾਂ ਨਾਲ ਮਿਲ ਕੇ ਆਪਣੀ 12 ਸਾਲਾ ਲੜਕੀ ਨੂੰ ਵਿਆਹਾਂ ਵਿਚ ਚੋਰੀ ਕਰਨ ਦੀ ਸਿਖਲਾਈ ਦਿੱਤੀ ਸੀ। ਇਨ੍ਹਾਂ ਕੋਲੋਂ ਚੋਰੀ ਦਾ ਪਰਸ ਅਤੇ ਦੋ ਹਜ਼ਾਰ ਰੁਪਏ ਬਰਾਮਦ ਕੀਤੇ ਗਏ ਹਨ। ਦੋਵਾਂ ਨੂੰ ਸੋਮਵਾਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਔਰਤ ਨੂੰ ਇਕ ਦਿਨ ਦੇ ਪੁਲਿਸ ਰਿਮਾਂਡ ‘ਤੇ ਅਤੇ 12 ਸਾਲਾ ਲੜਕੀ ਨੂੰ ਜਲੰਧਰ ਸਥਿਤ ਗਾਂਧੀ ਵਿਨੀਤਾ ਆਸ਼ਰਮ ਵਿਖੇ ਭੇਜ ਦਿੱਤਾ ਹੈ।
ਥਾਣਾ ਡਿਵੀਜ਼ਨ ਨੰਬਰ 5 ਦੀ ਪੁਲਿਸ ਔਰਤ ਦੇ ਦੋਵਾਂ ਰਿਸ਼ਤੇਦਾਰਾਂ ਦੀ ਭਾਲ ਕਰ ਰਹੀ ਹੈ। ਪੁਲਿਸ ਕਮਿਸ਼ਨਰ ਡਾ.ਕੌਸਤੁਭ ਸ਼ਰਮਾ ਨੇ ਦੱਸਿਆ ਕਿ ਮੁਲਜ਼ਮ ਔਰਤ ਗੋਮਤੀ ਮੱਧ ਪ੍ਰਦੇਸ਼ ਦੇ ਰਾਮਗੜ੍ਹ ਥਾਣੇ ਦੇ ਪਿੰਡ ਕਾਦੀਆ ਦੀ ਵਸਨੀਕ ਹੈ। ਉਸ ਦੇ ਫਰਾਰ ਸਾਥੀਆਂ ਵਿੱਚ ਮੱਧ ਪ੍ਰਦੇਸ਼ ਦੀ ਤਹਿਸੀਲ ਨਰਸਿੰਘਗੜ੍ਹ ਦੇ ਪਿੰਡ ਗੁਲਖੇੜੀ ਦਾ ਰਹਿਣ ਵਾਲਾ ਅੱਜੂ ਅਤੇ ਥਾਣਾ ਰਾਮਗੜ੍ਹ ਦੇ ਪਿੰਡ ਕਾਦੀਆ ਦਾ ਰਹਿਣ ਵਾਲਾ ਕਾਲੂ ਸ਼ਾਮਲ ਹੈ।
ਪੁਲਿਸ ਇਸ ਗਿਰੋਹ ਨੂੰ ਫੜਨ ਲਈ ਪੰਜ ਦਿਨਾਂ ਤੋਂ ਜਾਂਚ ਕਰ ਰਹੀ ਸੀ। ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਪੁਲਿਸ ਨੇ 12 ਸਾਲਾ ਲੜਕੀ ਨੂੰ ਐਤਵਾਰ ਸ਼ਾਮ ਨੂੰ ਗ੍ਰਿਫ਼ਤਾਰ ਕਰ ਲਿਆ। ਉਸ ਦੀ ਨਿਸ਼ਾਨਦੇਹੀ ‘ਤੇ ਉਸ ਦੀ ਮਾਂ ਗੋਮਤੀ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ। ਦੋਸ਼ੀ ਔਰਤ ਸ਼ੇਰਪੁਰ ਇਲਾਕੇ ‘ਚ ਕਿਰਾਏ ‘ਤੇ ਕਮਰਾ ਲੈ ਕੇ ਆਪਣੀ ਬੇਟੀ ਨਾਲ ਰਹਿ ਰਹੀ ਸੀ। ਪੁਲਿਸ ਨੇ ਉਨ੍ਹਾਂ ਤੋਂ ਪੁੱਛਗਿੱਛ ਕਰਨ ‘ਤੇ ਛਾਪਾ ਮਾਰ ਕੇ ਇਕ ਪਰਸ ਅਤੇ ਦੋ ਹਜ਼ਾਰ ਰੁਪਏ ਬਰਾਮਦ ਕੀਤੇ।