ਲਖਨਊ : ਸਬਜ਼ੀ ਦੇ ਰੇਟ ਨੂੰ ਲੈ ਕੇ ਗਾਹਕ ਨੇ ਰੇਹੜੀ ਵਾਲੇ ਨੂੰ ਇੱਟ ਮਾਰ ਕੇ ਮੌਤ ਦੇ ਘਾਟ ਉਤਾਰਿਆ

0
592

ਲਖਨਊ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਲਖਨਊ ਦੇ ਕ੍ਰਿਸ਼ਨਾ ਨਗਰ ਥਾਣਾ ਖੇਤਰ ‘ਚ ਸ਼ੁੱਕਰਵਾਰ ਰਾਤ ਸਬਜ਼ੀ ਵੇਚਣ ਵਾਲੇ ਹਿਮਾਂਸ਼ੂ ਸਾਹੂ (21) ਦੀ ਸਿਰ ‘ਤੇ ਇੱਟ ਮਾਰ ਕੇ ਹੱਤਿਆ ਕਰ ਦਿੱਤੀ ਗਈ। ਸਬਜ਼ੀ ਖਰੀਦਣ ਆਏ ਲਾਲਾ ਨਾਂ ਦੇ ਨੌਜਵਾਨ ਨਾਲ ਪੈਸਿਆਂ ਨੂੰ ਲੈ ਕੇ ਝਗੜਾ ਹੋ ਗਿਆ। ਹਿਮਾਂਸ਼ੂ ਨੇ ਸੌਦੇਬਾਜ਼ੀ ਕਰਨ ਤੋਂ ਇਨਕਾਰ ਕੀਤਾ ਤਾਂ ਲਾਲਾ ਨੇ ਆਪਣੇ ਸਾਥੀਆਂ ਸਮੇਤ ਕੁੱਟਮਾਰ ਕੀਤੀ, ਜਿਸ ‘ਚ ਉਸ ਦੇ ਸਿਰ ‘ਚ ਇੱਟ ਵੱਜਣ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ।

ਇੰਸਪੈਕਟਰ ਕ੍ਰਿਸ਼ਨਾਨਗਰ ਵਿਕਰਮ ਸਿੰਘ ਨੇ ਦੱਸਿਆ ਕਿ ਸਬਜ਼ੀ ਦੇ ਭਾਅ ਨੂੰ ਲੈ ਕੇ ਲਾਲਾ ਨੇ ਗਾਲ੍ਹਾਂ ਕੱਢੀਆਂ। ਜਦੋਂ ਤੱਕ ਉਸ ਦੇ ਭਰਾ ਅਤੇ ਦੋਸਤ ਉਸ ਨੂੰ ਬਚਾਉਣ ਲਈ ਦੌੜੇ, ਉਨ੍ਹਾਂ ਵਿਚੋਂ ਇਕ ਨੇ ਉਸ ਦੇ ਸਿਰ ‘ਤੇ ਇੱਟ ਨਾਲ ਵਾਰ ਕਰ ਦਿੱਤਾ, ਜਿਸ ਕਾਰਨ ਉਸ ਦੇ ਸਿਰ ‘ਚੋਂ ਖੂਨ ਵਗਣ ਲੱਗ ਪਿਆ। ਹਿਮਾਂਸ਼ੂ ਨੂੰ ਗੰਭੀਰ ਹਾਲਤ ‘ਚ ਲੋਕਬੰਧੂ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਜਿਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਦੀ ਸ਼ਿਕਾਇਤ ‘ਤੇ ਕਤਲ ਦੇ ਮੁਲਜ਼ਮ ਲਾਲਾ ਅਤੇ ਉਸ ਦੇ ਸਾਥੀਆਂ ਦੀ ਭਾਲ ਕੀਤੀ ਜਾ ਰਹੀ ਹੈ।