ਲਾਰੈਂਸ ਕੋਲੋਂ ਪੁੱਛ-ਪੜਤਾਲ : ਗੋਲਡੀ ਬਰਾੜ ਦਾ ਜੀਜਾ ਗ੍ਰਿਫਤਾਰ, ਮਾਨਸਾ ਨੇੜੇ ਦੱਬੇ ਹਨ ਮੂਸੇਵਾਲਾ ਕਤਲਕਾਂਡ ਵੇਲੇ ਵਰਤੇ ਹਥਿਆਰ

0
152


ਚੰਡੀਗੜ੍ਹ। ਗੈਂਗਸਟਰ ਲਾਰੈਂਸ ਨੂੰ ਤਿਹਾੜ ਜੇਲ੍ਹ ਤੋਂ ਪੰਜਾਬ ਲਿਆਉਣ ਤੋਂ ਬਾਅਦ ਪੁਲਿਸ ਨੂੰ ਅਹਿਮ ਸੁਰਾਗ ਮਿਲਿਆ ਹੈ। ਲਾਰੈਂਸ ਨੇ ਪੁੱਛਗਿੱਛ ‘ਚ ਗੋਰਾ ਦਾ ਨਾਂ ਲਿਆ ਹੈ। ਗੋਰਾ ਕੈਨੇਡਾ ਬੈਠੇ ਗੈਂਗਸਟਰ ਗੋਲਡੀ ਬਰਾੜ ਦਾ ਜੀਜਾ ਦੱਸਿਆ ਜਾਂਦਾ ਹੈ।

ਇਸ ਤੋਂ ਪਹਿਲਾਂ ਮਾਨਸਾ ਦੀ ਅਦਾਲਤ ਨੇ ਲਾਰੈਂਸ ਨੂੰ 7 ਦਿਨਾਂ ਦੇ ਪੁਲਿਸ ਰਿਮਾਂਡ ‘ਤੇ ਦਿੱਤਾ ਹੈ। ਪੰਜਾਬ ਪੁਲਿਸ ਮੰਗਲਵਾਰ ਰਾਤ ਕਰੀਬ ਸਾਢੇ ਅੱਠ ਵਜੇ ਲਾਰੈਂਸ ਨਾਲ ਦਿੱਲੀ ਤੋਂ ਰਵਾਨਾ ਹੋਈ। ਇਸ ਤੋਂ ਬਾਅਦ ਇਹ ਪਾਣੀਪਤ, ਸੋਨੀਪਤ ਅਤੇ ਕਰਨਾਲ ਤੋਂ ਹੁੰਦੇ ਹੋਏ ਤੜਕੇ 3.30 ਵਜੇ ਮਾਨਸਾ ਪਹੁੰਚੀ।

ਪੁਲਿਸ ਨੇ ਸਵੇਰੇ 4 ਵਜੇ ਉਸਦਾ ਮੈਡੀਕਲ ਚੈਕਅੱਪ ਕਰਵਾਇਆ। ਪੁਲਿਸ ਨੇ ਉਸਨੂੰ ਤੜਕੇ 4.30 ਵਜੇ ਅਦਾਲਤ ਵਿੱਚ ਪੇਸ਼ ਕਰਕੇ ਉਸਦਾ ਰਿਮਾਂਡ ਲੈ ਲਿਆ ਹੈ। ਉਸ ਨੂੰ ਪਹਿਲਾਂ ਪੁੱਛਗਿੱਛ ਲਈ ਮੋਹਾਲੀ ਦੇ ਖਰੜ ਸਥਿਤ ਸੀਆਈਏ ਸਟਾਫ਼ ਦੇ ਦਫ਼ਤਰ ਲਿਆਂਦਾ ਗਿਆ ਹੈ।

ਇਸ ਦੇ ਨਾਲ ਹੀ ਸਿੱਧੂ ਮੂਸੇਵਾਲਾ ਕਤਲ ਮਾਮਲੇ ‘ਚ ਵੱਡਾ ਖੁਲਾਸਾ ਹੋਇਆ ਹੈ। ਮੂਸੇਵਾਲਾ ਦੇ ਕਤਲ ਵਿੱਚ ਵਰਤੇ ਗਏ ਹਥਿਆਰਾਂ ਦਾ ਪਤਾ ਲੱਗਾ ਹੈ। ਇਹ ਹਥਿਆਰ ਮਾਨਸਾ ਨਾਲ ਲੱਗਦੀ ਪੰਜਾਬ-ਹਰਿਆਣਾ ਸਰਹੱਦ ‘ਤੇ ਮਿੱਟੀ ਹੇਠਾਂ ਦੱਬੇ ਪਏ ਹਨ। ਮਾਨਸਾ ਪੁਲਿਸ ਨੂੰ ਮੂਸੇਵਾਲਾ ਕਤਲ ਕਾਂਡ ਵਿੱਚ ਪਹਿਲਾਂ ਗ੍ਰਿਫ਼ਤਾਰ ਕੀਤੇ ਗਏ ਪਵਨ ਬਿਸ਼ਨੋਈ ਅਤੇ ਨਸੀਬ ਖ਼ਾਨ ਤੋਂ ਪਤਾ ਲੱਗਾ ਹੈ।