ਖੰਨਾ | ਇਥੋਂ ਇਕ ਖੌਫਨਾਕ ਖਬਰ ਸਾਹਮਣੇ ਆਈ ਹੈ। ਖੰਨਾ ‘ਚ ਐਨਆਰਆਈ ਦੀ ਪਤਨੀ ਦਾ ਕਤਲ ਕਰ ਦਿੱਤਾ ਗਿਆ। ਲਾਸ਼ ਘਰ ਦੀ ਬੇਸਮੈਂਟ ‘ਚੋਂ ਮਿਲੀ। ਵਾਰਦਾਤ ਤੋਂ ਬਾਅਦ ਕਾਤਲ ਨੇ ਵਿਦੇਸ਼ ‘ਚ ਬੈਠੇ ਔਰਤ ਦੇ ਪਤੀ ਅਤੇ ਬੇਟੇ ਨੂੰ ਫੋਨ ‘ਤੇ ਧਮਕੀਆਂ ਵੀ ਦਿੱਤੀਆਂ। ਇੰਨਾ ਹੀ ਨਹੀਂ ਘਰ ਦੀ ਕੰਧ ‘ਤੇ ਮ੍ਰਿਤਕਾ ਦੇ ਜੇਠ ਦਾ ਨਾਂ ਲਿਖ ਕੇ ਹੇਠਾਂ ਲਿਖਿਆ ਕਿ ਕਤਲ ਕਰ ਦਿੱਤਾ ਹੈ। ਮ੍ਰਿਤਕਾ ਦੀ ਪਛਾਣ 43 ਸਾਲਾ ਰਣਜੀਤ ਕੌਰ ਵਜੋਂ ਹੋਈ ਹੈ।
ਜਾਣਕਾਰੀ ਅਨੁਸਾਰ ਰਣਜੀਤ ਕੌਰ ਦਾ ਪਤੀ ਇਟਲੀ ਰਹਿੰਦਾ ਹੈ। ਇਕ ਪੁੱਤਰ ਕੈਨੇਡਾ ਵਿਚ ਹੈ ਅਤੇ ਦੂਜਾ ਪੁਰਤਗਾਲ ਵਿਚ ਹੈ। ਪਾਇਲ ਵਿਖੇ ਮਕਾਨ ਦੇ ਹੇਠਾਂ ਦੁਕਾਨਾਂ ਹਨ ਜੋ ਕਿਰਾਏ ‘ਤੇ ਦਿੱਤੀਆਂ ਹੋਈਆਂ ਹਨ। ਉਪਰ ਵਾਲੇ ਪਾਸੇ ਰਿਹਾਇਸ਼ੀ ਮਕਾਨ ਬਣਿਆ ਹੈ। ਰਣਜੀਤ ਕੌਰ ਘਰ ਵਿਚ ਇਕੱਲੀ ਰਹਿੰਦੀ ਸੀ। 4 ਸਤੰਬਰ ਦੀ ਸ਼ਾਮ ਨੂੰ ਆਂਢ-ਗੁਆਂਢ ਦੇ ਲੋਕਾਂ ਨੇ ਉਸਨੂੰ ਠੀਕ ਠਾਕ ਦੇਖਿਆ।
ਇਸ ਤੋਂ ਬਾਅਦ ਰਣਜੀਤ ਕੌਰ ਨਜ਼ਰ ਨਹੀਂ ਆਈ। 5 ਸਤੰਬਰ ਦੀ ਸ਼ਾਮ ਨੂੰ ਰਣਜੀਤ ਕੌਰ ਦਾ ਫੋਨ ਬੰਦ ਆ ਰਿਹਾ ਸੀ। ਕੈਨੇਡਾ ਰਹਿੰਦੇ ਪੁੱਤ ਨੇ ਪਾਇਲ ਰਹਿੰਦੇ ਆਪਣੇ ਇੱਕ ਦੋਸਤ ਨੂੰ ਘਰ ਭੇਜਿਆ। ਘਰ ਦੀ ਬੇਸਮੈਂਟ ਵਿਚ ਇਸ ਨੌਜਵਾਨ ਨੇ ਖੂਨ ਨਾਲ ਲੱਥਪੱਥ ਰਣਜੀਤ ਕੌਰ ਦੀ ਲਾਸ਼ ਦੇਖੀ, ਜਿਸ ਤੋਂ ਬਾਅਦ ਪਰਿਵਾਰ ਦੇ ਹੋਰ ਮੈਂਬਰਾਂ ਨੇ ਪੁਲਿਸ ਨੂੰ ਸੂਚਿਤ ਕੀਤਾ। ਇਟਲੀ ਤੋਂ ਰਣਜੀਤ ਕੌਰ ਦਾ ਪਤੀ ਅਤੇ ਕੈਨੇਡਾ ਤੋਂ ਪੁੱਤ ਵੀਰਵਾਰ ਨੂੰ ਇਥੇ ਪਹੁੰਚੇ, ਜਿਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਸ਼ੁਰੂ ਕੀਤੀ। ਕੰਧ ਉਪਰ ਮ੍ਰਿਤਕਾ ਰਣਜੀਤ ਕੌਰ ਦੇ ਜੇਠ ਦਾ ਨਾਂਅ ਲਿਖਿਆ ਗਿਆ ਜੋ ਕਿ ਇਸ ਸਮੇਂ ਕਿਸੇ ਮੁਕੱਦਮੇ ‘ਚ ਲੁਧਿਆਣਾ ਜੇਲ੍ਹ ਬੰਦ ਹੈ। ਇਸ ਕੇਸ ਸਬੰਧੀ ਪੁਲਿਸ ਉਸਨੂੰ ਜੇਲ੍ਹ ‘ਚੋਂ ਪ੍ਰੋਡਕਸ਼ਨ ਵਾਰੰਟ ‘ਤੇ ਲਿਆ ਸਕਦੀ ਹੈ।
ਐਸਐਚਓ ਦਵਿੰਦਰਪਾਲ ਸਿੰਘ ਨੇ ਦੱਸਿਆ ਕਿ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਗਿਆ ਹੈ। ਫਿਲਹਾਲ ਲੁੱਟ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ। ਤਿੰਨ ਡਾਕਟਰਾਂ ਦਾ ਬੋਰਡ ਲਾਸ਼ ਦਾ ਪੋਸਟਮਾਰਟਮ ਕਰੇਗਾ, ਜਿਸ ਉਪਰੰਤ ਲਾਸ਼ ਵਾਰਸਾਂ ਨੂੰ ਸੌਂਪੀ ਜਾਵੇਗੀ। ਜਲਦੀ ਹੀ ਕੇਸ ਨੂੰ ਸੁਲਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।