ਖੰਨਾ| ਪਾਇਲ ਦੇ ਕਸਬਾ ਮਲੌਦ ਵਿਚ ਇਕ ਨਿੱਜੀ ਬੱਸ ਵਿਚ ਗਾਣੇ ਚਲਾਉਣ ਤੋਂ ਭੜਕੇ ਨਿਹੰਗ ਸਿੰਘ ਨੇ ਕਿਰਪਾਨ ਨਾਲ ਬੱਸ ਡਰਾਈਵਰ ਉਪਰ ਹਮਲਾ ਕਰ ਦਿੱਤਾ। ਕਿਰਪਾਨ ਡਰਾਈਵਰ ਦੇ ਸਿਰ ਵਿਚ ਵੱਜਣ ਨਾਲ ਉਹ ਲਹੂ-ਲੁਹਾਨ ਹੋ ਗਿਆ। ਘਟਨਾ ਪਿੱਛੋਂ ਨਿਹੰਗ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਲੋਕਾਂ ਨੇ ਉਸਨੂੰ ਕਾਬੂ ਕਰਕੇ ਪੁਲਿਸ ਹਵਾਲੇ ਕਰ ਦਿੱਤਾ। ਨਿਹੰਗ ਨੇ ਪਹਿਲਾਂ ਕਿਰਾਏ ਨੂੰ ਲੈ ਕੇ ਕੰਡਕਟਰ ਨਾਲ ਵੀ ਬਹਿਸ ਕੀਤੀ ਸੀ। ਦੂਜੇ ਪਾਸੇ ਜ਼ਖਮੀ ਬੱਸ ਡਰਾਈਵਰ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
ਜਾਣਕਾਰੀ ਦਿੰਦਿਆਂ ਪਿੰਡ ਲਸੋੜੀ ਦੇ ਰਹਿਣ ਵਾਲੇ ਜਗਸੀਰ ਸਿੰਘ ਨੇ ਦੱਸਿਆ ਕਿ ਉਹ ਇਕ ਨਿੱਜੀ ਕੰਪਨੀ ਦੀ ਬੱਸ ਚਲਾਉਂਦਾ ਹੈ। ਜਿਸਦਾ ਰੂਟ ਰਾੜਾ ਸਾਹਿਬ ਤੋਂ ਮਾਲੇਰਕੋਟਲਾ ਤੱਕ ਹੈ। ਰਾੜਾ ਸਾਹਿਬ ਤੋਂ ਇਕ ਨਿਹੰਗ ਬੱਸ ਵਿਚ ਚੜ੍ਹਿਆ, ਜਿਸਨੇ ਮਲੋਦ ਜਾਣਾ ਸੀ।
ਨਿਹੰਗ ਸਿੰਘ ਪਹਿਲਾਂ ਕਿਰਾਏ ਨੂੰ ਲੈ ਕੇ ਬੱਸ ਕੰਡਕਟਰ ਨਾਲ ਬਹਿਸ ਕਰਨ ਲੱਗਾ ਤੇ ਬਾਅਦ ਵਿਚ ਬੱਸ ਜਦੋਂ ਮਲੋਦ ਪੁੱਜੀ ਤਾਂ ਨਿਹੰਗ ਪਿਛਲੀ ਖਿੜਕੀ ਵਿਚੋਂ ਗੁੱਸੇ ਨਾਲ ਉਤਰਿਆ ਤੇ ਆਉਂਦੇ ਸਾਰ ਹੀ ਬੱਸ ਦੇ ਅੱਗੇ ਕਿਰਪਾਨ ਲੈ ਕੇ ਖੜ੍ਹ ਗਿਆ। ਜਦੋਂ ਉਸਨੂੰ ਪਰ੍ਹੇ ਹੋਣ ਲਈ ਕਿਹਾ ਤਾਂ ਨਿਹੰਗ ਨੇ ਕਿਰਪਾਨ ਨਾਲ ਉਸਦਾ ਸਿਰ ਪਾੜ ਦਿੱਤਾ। ਸੂਤਰਾਂ ਅਨੁਸਾਰ ਨਿਹੰਗ ਬੱਸ ਵਿਚ ਅਸ਼ਲੀਲ ਗਾਣੇ ਲਗਾਉਣ ਤੋਂ ਪਰੇਸ਼ਾਨ ਸੀ।
ਦੂਜੇ ਪਾਸੇ ਬੱਸ ਵਿਚ ਮੌਜੂਦ ਸਵਾਰੀਆਂ ਨੇ ਕਿਹਾ ਕਿ ਸਾਰੀ ਗਲਤੀ ਨਿਹੰਗ ਦੀ ਹੈ। ਬੱਸ ਵਿਚ ਕੋਈ ਅਸ਼ਲੀਲ ਗਾਣਾ ਨਹੀਂ ਵੱਜ ਰਿਹਾ ਸੀ। ਹਾਂ ਡਰਾਈਵਰ ਆਪਣੇ ਮੋਬਾਈਲ ਵਿਚ ਗਾਣੇ ਸੁਣ ਰਿਹਾ ਸੀ। ਸਵਾਰੀਆਂ ਨੇ ਕਿਹਾ ਕਿ ਜੇਕਰ ਨਿਹੰਗ ਨੂੰ ਪੁਲਿਸ ਹਵਾਲੇ ਨਾ ਕਰਦੇ ਤਾਂ ਹੋਰ ਨੁਕਸਾਨ ਹੋਣਾ ਸੀ। ਦੂਜੇ ਪਾਸੇ ਸਬ ਇੰਸਪੈਕਟਰ ਦਵਿੰਦਰ ਸਿੰਘ ਦਾ ਕਹਿਣਾ ਹੈ ਕਿ ਨਿਹੰਗ ਸਿੰਘ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ। ਉਸ ਕੋਲੋਂ ਕਿਰਪਾਨ ਤੇ ਲੋਹੇ ਦਾ ਗੋਲਾ ਬਰਾਮਦ ਕੀਤਾ ਗਿਆ ਹੈ। ਜਿਸ ਨਾਲ ਉਸਨੇ ਡਰਾਈਵਰ ਉਤੇ ਹਮਲਾ ਕੀਤਾ ਸੀ। ਪੁਲਿਸ ਅਗਲੀ ਕਾਰਵਾਈ ਕਰ ਰਹੀ ਹੈ।