ਖੰਨਾ : ਸਾਲ਼ੀ ਦੇ ਪਿਆਰ ‘ਚ ਅੰਨ੍ਹੇ ਹੋਏ ਨੇ 5 ਸਾਲਾ ਧੀ ਤੇ ਪਤਨੀ ਨੂੰ ਪਿੰਡ ਖੰਟ ਦੀ ਨਹਿਰ ‘ਚ ਸੁੱਟਿਆ ; ਧੀ ਦੀ ਮੌਤ

0
320

ਸਮਰਾਲਾ : ਥਾਣਾ ਸਮਰਾਲਾ ਅਧੀਨ ਪੈਂਦੇ ਪਿੰਡ ਰੋਹਲੇ ਵਿਖੇ ਇਕ ਵਿਅਕਤੀ ਨੇ ਆਪਣੀ ਸਾਲੀ ਦੇ ਪਿਆਰ ’ਚ ਅੰਨਾ ਹੋ ਕੇ ਆਪਣੀ ਪਤਨੀ ਅਤੇ 5 ਸਾਲਾਂ ਦੀ ਬੱਚੀ ਨੂੰ ਨਹਿਰ ‘ਚ ਧੱਕਾ ਦੇ ਕੇ ਮਾਰਨ ਦੀ ਕੋਸ਼ਿਸ਼ ਕੀਤੀ ਪਰ ਪਤਨੀ ਨਾਲ ਹੋਈ ਧੱਕਾਮੁੱਕੀ ਦੌਰਾਨ ਪਤਨੀ ਤਾਂ ਨਹਿਰ ‘ਚ ਡਿਗਣ ਤੋਂ ਬਚ ਗਈ ਪਰ ਉਹ 5 ਸਾਲਾਂ ਦੀ ਬੱਚੀ ਨੂੰ ਨਹਿਰ ‘ਚ ਡਿਗਣ ਤੋਂ ਬਚਾ ਨਾ ਸਕੀ।

ਕਲਯੁਗੀ ਪਿਤਾ ਨੇ ਆਪਣੇ ਹੱਥਾਂ ਨਾਲ ਹੀ ਆਪਣੀ ਬੱਚੀ ਨੂੰ ਨਹਿਰ ‘ਚ ਸੁੱਟ ਕੇ ਉਸਦਾ ਕਤਲ ਕਰ ਦਿੱਤਾ। ਹਾਲਾਂਕਿ ਪਹਿਲਾਂ ਪੁਲਿਸ ਕੋਲ ਇਹ ਜਾਣਕਾਰੀ ਸਾਹਮਣੇ ਆਈ ਸੀ ਕਿ ਮਾਪਿਆਂ ਵੱਲੋਂ ਅੰਧ ਵਿਸ਼ਵਾਸ ਵਿਚ ਆ ਕੇ ਕਿਸੇ ਤਾਂਤਰਿਕ ਦੇ ਕਹਿਣ ’ਤੇ ਬੱਚੀ ਦੀ ਬਲੀ ਦੇਣ ਲਈ ਉਸ ਨੂੰ ਨਹਿਰ ਵਿੱਚ ਰੋੜ੍ਹ ਕੇ ਮਾਰ ਦਿੱਤਾ ਹੈ। ਪ੍ਰੰਤੂ ਜਦੋਂ ਪੁਲਿਸ ਨੇ ਡੂੰਘਾਈ ਨਾਲ ਮਾਮਲੇ ਦੀ ਪੜਤਾਲ ਕੀਤੀ ਤਾਂ ਸਾਰਾ ਮਾਮਲਾ ਹੀ ਇਸ਼ਕ ਦਾ ਨਿਕਲਿਆ। ਇਨ੍ਹਾਂ ਦੋਵਾਂ ਜਣਿਆਂ ਦੀ ਯੋਜਨਾ ਤਾਂ ਬੱਚੀ ਦੀ ਮਾਂ ਨੂੰ ਨਹਿਰ ’ਤੇ ਲਿਜਾ ਕੇ ਮਾਰਨ ਦੀ ਸੀ ਪਰ ਧੱਕਾ-ਮੁੱਕੀ ਵਿੱਚ ਬੱਚੀ ਹੀ ਨਹਿਰ ਵਿੱਚ ਰੁੜ੍ਹ ਗਈ। ਬੱਚੀ ਦੀ ਮੌਤ ਹੋ ਗਈ ਹੈ, ਪਰ ਹਾਲੇ ਤੱਕ ਉਸ ਦੀ ਲਾਸ਼ ਨਹੀ ਮਿਲੀ।

ਜਾਣਕਾਰੀ ਦਿੰਦੇ ਹੋਏ ਡੀਐਸਪੀ ਵਰਿਆਮ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਦੋਸ਼ੀ ਦੇ ਭਰਾ ਗੁਰਚਰਨ ਸਿੰਘ ਤੋਂ ਕੱਲ ਪਹਿਲਾਂ ਇਹ ਪਤਾ ਲੱਗਾ ਸੀ ਕਿ ਉਸ ਦੇ ਭਰਾ-ਭਰਜਾਈ ਨੇ ਹੀ ਆਪਣੀ ਬੱਚੀ ਨੂੰ ਕਿਸੇ ਤਾਂਤਰਿਕ ਦੇ ਕਹਿਣ ’ਤੇ ਨਹਿਰ ਵਿੱਚ ਰੋੜ੍ਹ ਦਿੱਤਾ ਹੈ। ਪ੍ਰੰਤੂ ਜਦੋ ਥਾਣਾ ਮੁਖੀ ਭਿੰਦਰ ਸਿੰਘ ਖੰਗੂੜਾ ਨੇ ਪੜਤਾਲ ਕੀਤੀ ਤਾਂ ਪਤਾ ਲੱਗਿਆ ਕਿ ਪਿੰਡ ਰੋਹਲੇ ਨਿਵਾਸੀ ਗੁਰਪ੍ਰੀਤ ਸਿੰਘ ਦਾ ਆਪਣੀ ਵੱਡੀ ਸਾਲੀ ਸੁਖਵਿੰਦਰ ਕੌਰ ਨਾਲ ਚੱਕਰ ਸੀ ਅਤੇ ਇਨ੍ਹਾਂ ਦੋਵਾਂ ਨੇ ਹੀ ਸਾਜਿਸ਼ ਤਹਿਤ ਗੁਰਪ੍ਰੀਤ ਦੀ ਪਤਨੀ ਗੁਰਜੀਤ ਕੌਰ ਨੂੰ ਨਹਿਰ ਵਿੱਚ ਧੱਕਾ ਦੇ ਕੇ ਮਾਰਨ ਦੀ ਸਕੀਮ ਬਣਾਈ ਸੀ। ਯੋਜਨਾ ਅਨੁਸਾਰ ਗੁਰਪ੍ਰੀਤ ਸਿੰਘ ਕੱਲ 12 ਮਾਰਚ ਨੂੰ ਆਪਣੀ ਪਤਨੀ ਨੂੰ ਮੋਟਰਸਾਈਕਲ ’ਤੇ ਬਿਠਾ ਕੇ ਲਿਜਾਣ ਲੱਗਾ ਤਾਂ ਉਹ ਆਪਣੇ ਦੋਵੇਂ ਬੱਚਿਆ 8 ਸਾਲਾ ਪੁੱਤਰ ਸੋਹਲਪ੍ਰੀਤ ਸਿੰਘ ਅਤੇ 5 ਸਾਲ ਦੀ ਬੇਟੀ ਸੁਖਮਨਪ੍ਰੀਤ ਕੌਰ ਨੂੰ ਵੀ ਨਾਲ ਲੈ ਗਈ।

ਪਿੰਡ ਖੰਟ ਕੋਲ ਪੱਕੀ ਨਹਿਰ ’ਤੇ ਨਾਰੀਅਲ ਜਲ ਪ੍ਰਵਾਹ ਕਰਨ ਦੇ ਬਹਾਨੇ ਗੁਰਪ੍ਰੀਤ ਸਿੰਘ ਆਪਣੀ ਪਤਨੀ ਨੂੰ ਧੱਕਾ ਦੇਣ ਲੱਗਾ ਤਾਂ ਉੱਥੇ ਹੋਈ ਧੱਕਾ-ਮੁੱਕੀ ਦੌਰਾਨ ਗੁਰਜੀਤ ਕੌਰ ਤਾਂ ਬੱਚ ਗਈ ਪਰ ਉਸ ਦੀ ਧੀ ਸੁਖਮਨਪ੍ਰੀਤ ਕੌਰ ਨਹਿਰ ਵਿੱਚ ਰੁੜ ਗਈ ਅਤੇ ਉਸ ਦੀ ਮੌਤ ਹੋ ਗਈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਅਤੇ ਉਸ ਦੀ ਸਾਲੀ ਸੁਖਵਿੰਦਰ ਕੌਰ ਨੂੰ ਗਿ੍ਰਫਤਾਰ ਕਰ ਲਿਆ ਗਿਆ ਹੈ।