ਲੁਧਿਆਣਾ | ਪੰਜਾਬ ਦੌਰੇ ‘ਤੇ ਆਏ ਆਮ ਆਦਮੀ ਪਾਰਟੀ ਦੇ ਪ੍ਰਧਾਨ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਲੁਧਿਆਣਾ ਪਹੁੰਚਣ ‘ਤੇ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਿਆ।
ਦੁਪਹਿਰ ਬਾਅਦ ਜਿਵੇਂ ਹੀ ਉਹ ਆਪਣੀ ਕਾਲੇ ਰੰਗ ਦੀ ਕਾਰ ‘ਚ ਸਵਾਰ ਹੋ ਕੇ ਲੁਧਿਆਣਾ ਦੇ ਹੋਟਲ ਪਾਰਕ ਪਲਾਜ਼ਾ ਪਹੁੰਚੇ ਤਾਂ ਕੁਝ ਨੌਜਵਾਨ ਹੱਥਾਂ ‘ਚ ਪਰਚੇ ਲੈ ਕੇ ਉਨ੍ਹਾਂ ਦੀ ਕਾਰ ਕੋਲ ਪਹੁੰਚੇ ਤੇ ਨਾਅਰੇਬਾਜ਼ੀ ਕਰਨ ਲੱਗੇ। ਇਸ ਦੌਰਾਨ ਉਨ੍ਹਾਂ ਦੀ ਪੁਲਿਸ ਨਾਲ ਧੱਕਾ-ਮੁੱਕੀ ਵੀ ਹੋਈ।
ਲੁਧਿਆਣਾ ਦੇ ਪਿੰਡ ਥਰੀਕੇ ਤੋਂ ਆਏ ਰਾਜਵੀਰ ਸਿੰਘ, ਨਰਾਇਣ ਸਿੰਘ ਤੇ ਹੋਰਨਾਂ ਨੇ ਕਿਹਾ ਕਿ ਦਿੱਲੀ ‘ਚ ਖੇਤੀ ਕਾਨੂੰਨ ਲਾਗੂ ਕੀਤੇ ਗਏ ਹਨ। ਇਸ ਤੋਂ ਇਲਾਵਾ ਕੇਜਰੀਵਾਲ ਪੰਜਾਬ ਦਾ ਪਾਣੀ ਦੂਜੇ ਰਾਜਾਂ ਨੂੰ ਦੇਣ ਦੇ ਮੁੱਦੇ ‘ਤੇ ਆਪਣਾ ਸਟੈਂਡ ਸਪੱਸ਼ਟ ਨਹੀਂ ਕਰ ਰਹੇ। ਉਹ ਦਿੱਲੀ ‘ਚ ਕੁਝ ਤੇ ਹਰਿਆਣਾ ‘ਚ ਕੁਝ ਹੋਰ ਬਿਆਨ ਦਿੰਦੇ ਹਨ।
ਪ੍ਰਦਰਸ਼ਨਕਾਰੀਆਂ ਨੇ ਦੱਸਿਆ ਕਿ ਕੇਜਰੀਵਾਲ ਪੰਜਾਬ ਦੇ ਕਿਸਾਨਾਂ ਨੂੰ ਬਦਨਾਮ ਕਰਨ ਲਈ ਕਹਿੰਦੇ ਹਨ ਕਿ ਇਥੇ ਸਾੜੀ ਜਾਣ ਵਾਲੀ ਪਰਾਲੀ ਦਾ ਧੂੰਆਂ ਦਿੱਲੀ ਦੇ ਵਾਤਾਵਰਨ ਨੂੰ ਪ੍ਰਦੂਸ਼ਿਤ ਕਰ ਰਿਹਾ ਹੈ। ਇਸੇ ਕਾਰਨ ਉਨ੍ਹਾਂ ਵੱਲੋਂ ਵਿਰੋਧ ਕੀਤਾ ਗਿਆ ਹੈ।