ਕਪੂਰਥਲਾ ਬੇਅਦਬੀ ਮਾਮਲਾ : ਪਟਨਾ ਦੀ ਰਹਿਣ ਵਾਲੀ ਔਰਤ ਨੇ ਕਿਹਾ- ਮ੍ਰਿਤਕ ਮੇਰਾ ਭਰਾ, ਪੰਜਾਬ ਪੁਲਿਸ ਨੂੰ ਭੇਜੇ ਦਸਤਾਵੇਜ਼ ਤੇ ਫੋਟੋ

0
2010

ਚੰਡੀਗੜ੍ਹ | ਕਪੂਰਥਲਾ ‘ਚ ਨਿਸ਼ਾਨ ਸਾਹਿਬ ਦੀ ਬੇਅਦਬੀ ਦੇ ਸ਼ੱਕ ‘ਚ ਮਾਰੇ ਗਏ ਨੌਜਵਾਨ ਦੀ ਪਛਾਣ ਹੋਣ ਦਾ ਦਾਅਵਾ ਕੀਤਾ ਗਿਆ ਹੈ। ਬਿਹਾਰ ਦੇ ਪਟਨਾ ਦੀ ਰਹਿਣ ਵਾਲੀ ਇਕ ਔਰਤ ਦਾ ਕਹਿਣਾ ਹੈ ਕਿ ਮ੍ਰਿਤਕ ਉਸ ਦਾ ਭਰਾ ਅੰਕਿਤ ਸੀ। ਉਸ ਨੇ ਪੰਜਾਬ ਪੁਲਿਸ ਨੂੰ ਕੁਝ ਦਸਤਾਵੇਜ਼ ਵੀ ਭੇਜੇ ਹਨ। ਔਰਤ ਨੇ ਕਿਹਾ ਕਿ ਭਰਾ ਨਾਲ ਉਸ ਦਾ ਸੰਪਰਕ ਨਹੀਂ ਹੋ ਰਿਹਾ ਹੈ।

ਪੁਲਿਸ ਨੇ ਔਰਤ ਨੂੰ ਮਾਰੇ ਗਏ ਆਰੋਪੀ ਦੀਆਂ ਤਸਵੀਰਾਂ ਭੇਜੀਆਂ ਹਨ। ਇਸ ਤੋਂ ਬਾਅਦ ਔਰਤ ਤੋਂ ਦਸਤਾਵੇਜ਼ ਵੀ ਮੰਗਵਾਏ ਗਏ। ਦੋਵਾਂ ਦੀ ਸ਼ਕਲ ਮਿਲਾਈ ਗਈ। ਹੁਣ ਔਰਤ ਪਰਿਵਾਰਕ ਮੈਂਬਰਾਂ ਨਾਲ ਪੰਜਾਬ ਪਹੁੰਚੇਗੀ ਤਾਂ ਜੋ ਲਾਸ਼ ਦੀ ਪਛਾਣ ਹੋ ਸਕੇ।

ਹਾਲਾਂਕਿ ਇਸ ਬਾਰੇ ਅਜੇ ਪੱਕੇ ਤੌਰ ‘ਤੇ ਕੁਝ ਨਹੀਂ ਕਿਹਾ ਜਾ ਰਿਹਾ। ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਨੌਜਵਾਨ ਦੀ ਪਛਾਣ ਬਾਰੇ ਕੁਝ ਕਹਿਣਾ ਸੰਭਵ ਨਹੀਂ ਹੈ।

ਖੁਦ ਕੀਤਾ ਪੁਲਿਸ ਨੂੰ ਫੋਨ

ਘਟਨਾ ਤੋਂ ਬਾਅਦ ਔਰਤ ਨੇ ਖੁਦ ਕਪੂਰਥਲਾ ਪੁਲਿਸ ਨੂੰ ਫੋਨ ਕੀਤਾ। ਉਸ ਨੇ ਕਿਹਾ ਕਿ ਮ੍ਰਿਤਕ ਉਸ ਦਾ ਭਰਾ ਹੈ। ਉਸ ਨੇ ਆਪਣੇ ਭਰਾ ਦਾ ਆਧਾਰ ਕਾਰਡ, ਇਨਰੋਲਮੈਂਟ ਸਲਿਪ ਪੁਲਿਸ ਨੂੰ ਭੇਜੀ ਹੈ।

ਇਸ ਤੋਂ ਇਲਾਵਾ ਉਸ ਦੀਆਂ ਪੁਰਾਣੀਆਂ ਤਸਵੀਰਾਂ ਵੀ ਭੇਜੀਆਂ ਹਨ। ਉਸ ਦਾ ਭਰਾ ਪੰਜਾਬ ਕਿਵੇਂ ਤੇ ਕਦੋਂ ਪਹੁੰਚਿਆ? ਇਸ ਬਾਰੇ ਪੁਲਿਸ ਜਾਂਚ ਕਰ ਰਹੀ ਹੈ।

ਅੰਮ੍ਰਿਤਸਰ ‘ਚ ਬੇਅਦਬੀ ਤੋਂ ਬਾਅਦ ਵੀ ਕੀਤਾ ਸੀ ਫੋਨ

ਇਸ ਤੋਂ ਪਹਿਲਾਂ ਇਸੇ ਔਰਤ ਨੇ ਅੰਮ੍ਰਿਤਸਰ ‘ਚ ਬੇਅਦਬੀ ਕਾਂਡ ਵਿੱਚ ਮਾਰੇ ਗਏ ਨੌਜਵਾਨ ਨੂੰ ਵੀ ਆਪਣਾ ਭਰਾ ਦੱਸਿਆ ਸੀ। ਉਸ ਨੇ ਸਿੱਧਾ ਅੰਮ੍ਰਿਤਸਰ ਪੁਲਿਸ ਨਾਲ ਸੰਪਰਕ ਕੀਤਾ ਸੀ। ਜਦੋਂ ਪੁਲਿਸ ਨੇ ਔਰਤ ਨੂੰ ਆਰੋਪੀ ਦੀ ਸਾਫ ਫੋਟੋ ਭੇਜੀ ਤਾਂ ਉਸ ਨੇ ਇਸ ਤੋਂ ਇਨਕਾਰ ਕਰ ਦਿੱਤਾ। ਹਾਲਾਂਕਿ ਕਪੂਰਥਲਾ ਮਾਮਲੇ ‘ਚ ਪੁਲਿਸ ਉਸ ਦੇ ਦਾਅਵੇ ਨੂੰ ਗੰਭੀਰਤਾ ਨਾਲ ਲੈ ਰਹੀ ਹੈ।

ਕਪੂਰਥਲਾ ‘ਚ ਵਿਵਾਦਿਤ ਹੈ ਮੌਤ ਦਾ ਕਾਰਨ

ਕਪੂਰਥਲਾ ‘ਚ ਨੌਜਵਾਨ ਦੀ ਮੌਤ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਗੁਰਦੁਆਰਾ ਨਿਜ਼ਾਮਪੁਰ ਮੋੜ ਦੇ ਪ੍ਰਬੰਧਕਾਂ ਦਾ ਦਾਅਵਾ ਹੈ ਕਿ ਉਹ ਨਿਸ਼ਾਨ ਸਾਹਿਬ ਦੀ ਤੋੜ-ਭੰਨ ਕਰ ਰਿਹਾ ਸੀ। ਹਾਲਾਂਕਿ ਇਸ ਮਾਮਲੇ ‘ਚ ਕਪੂਰਥਲਾ ਪੁਲਿਸ ਦਾ ਕਹਿਣਾ ਹੈ ਕਿ ਉਹ ਚੋਰੀ ਦੀ ਨੀਅਤ ਨਾਲ ਦਾਖਲ ਹੋਇਆ ਸੀ।

ਗੁਰਦੁਆਰੇ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨਾਲ ਕੋਈ ਛੇੜਛਾੜ ਨਹੀਂ ਹੋਈ। ਪੁਲਿਸ ਨੇ ਭੀੜ ਖਿਲਾਫ਼ ਕਤਲ ਦਾ ਕੇਸ ਦਰਜ ਕਰਨ ਦਾ ਦਾਅਵਾ ਕੀਤਾ ਸੀ। ਬਾਅਦ ਵਿੱਚ ਪੁਲਿਸ ਪਿੱਛੇ ਹਟ ਗਈ। ਨੌਜਵਾਨ ਨੂੰ ਐਤਵਾਰ ਸਵੇਰੇ 4 ਵਜੇ ਇੱਥੇ ਫੜਿਆ ਗਿਆ। ਇਸ ਤੋਂ ਬਾਅਦ ਪੁਲਿਸ ਉਸ ਨੂੰ ਹਿਰਾਸਤ ‘ਚ ਲੈਣ ਆਈ ਪਰ ਭੀੜ ਨੇ ਉਸ ਨੂੰ ਮਾਰ ਦਿੱਤਾ।