ਕਪੂਰਥਲਾ : ਨਸ਼ਾ ਤਸਕਰ ਨੂੰ 21 ਲੱਖ ਦੀ ਰਿਸ਼ਵਤ ਲੈ ਕੇ ਛੱਡਣ ‘ਤੇ SHO ਤੇ ਚੌਕੀ ਇੰਚਾਰਜ ‘ਤੇ FIR

0
655

ਕਪੂਰਥਲਾ | ਥਾਣਾ ਸੁਭਾਨਪੁਰ ਦੇ ਤਤਕਾਲੀ ਐਸਐਚਓ ਅਤੇ ਚੌਕੀ ਬਾਦਸ਼ਾਹਪੁਰ ਦੇ ਇੰਚਾਰਜ ‘ਤੇ 21 ਲੱਖ ਰਿਸ਼ਵਤ ਲੈ ਕੇ ਇਕ ਤਸਕਰ ਨੂੰ ਛੱਡਣ ਦੇ ਮਾਮਲੇ ਵਿਚ ਕੇਸ ਦਰਜ ਕੀਤਾ ਗਿਆ ਹੈ। ਇਸ ਮਾਮਲੇ ਵਿਚ ਸੌਦਾ ਕਰਵਾਉਣ ਵਾਲਾ ਵਿਚੋਲਾ ਵੀ ਸ਼ਾਮਲ ਹੈ। SHO ਇਸ ਸਮੇਂ ਥਾਣਾ ਕੋਤਵਾਲੀ ਵਿਚ ਤਾਇਨਾਤ ਸੀ ਅਤੇ ਹੁਣ ਫਰਾਰ ਹੈ। ਜਦੋਂਕਿ ਚੌਕੀ ਇੰਚਾਰਜ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ।

ਪੁਸ਼ਟੀ ਕਰਦਿਆਂ ਐਸਪੀਡੀ ਰਮਨਿੰਦਰ ਸਿੰਘ ਨੇ ਕਿਹਾ ਕਿ ਜਲਦੀ ਹੀ ਪ੍ਰੈਸ ਕਾਨਫਰੰਸ ਕਰਕੇ ਮੀਡੀਆ ਨੂੰ ਜਾਣਕਾਰੀ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਇਸ ਮਾਮਲੇ ਦੇ ਸਾਹਮਣੇ ਆਉਣ ਕਾਰਨ ਕਈ ਪੁਲਿਸ ਅਧਿਕਾਰੀਆਂ ਵਿਚ ਹਫੜਾ-ਦਫੜੀ ਦਾ ਮਾਹੌਲ ਹੈ। ਸੂਤਰਾਂ ਦੀ ਮੰਨੀਏ ਤਾਂ ਜਾਂਚ ਤੋਂ ਬਾਅਦ ਡੀਐਸਪੀ ਸਮੇਤ ਕੁਝ ਹੋਰ ਪੁਲਿਸ ਮੁਲਾਜ਼ਮਾਂ ਦੇ ਨਾਂ ਸਾਹਮਣੇ ਆਉਣ ਦੀ ਸੰਭਾਵਨਾ ਹੈ। ਐਸਪੀਡੀ ਨੇ ਮਾਮਲੇ ਦੀ ਪੂਰੀ ਜਾਣਕਾਰੀ ਜਾਰੀ ਕਰ ਦਿੱਤੀ ਹੈ।

ਇਹ ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦੋਂ 12 ਜੂਨ ਨੂੰ ਸੁਭਾਨਪੁਰ ਇਲਾਕੇ ‘ਚੋਂ ਥਾਣਾ ਦਿਹਾਤੀ ਦੀ ਪੁਲਿਸ ਨੇ ਇਕ ਨਸ਼ਾ ਤਸਕਰ ਨੂੰ 6 ਕਿਲੋ ਹੈਰੋਇਨ ਅਤੇ 3 ਹਜ਼ਾਰ ਰੁਪਏ ਦੀ ਡਰੱਗ ਮਨੀ ਸਮੇਤ ਗ੍ਰਿਫਤਾਰ ਕੀਤਾ ਸੀ, ਜਦੋਂ ਜ਼ਿਲ੍ਹਾ ਕਪੂਰਥਲਾ ਪੁਲਿਸ ਨੇ ਉਸ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਲਿਆ ਕੇ ਪੁੱਛਗਿੱਛ ਕੀਤੀ ਤਾਂ ਉਸ ਨੇ ਸਭ ਤੋਂ ਪਹਿਲਾਂ ਐਸਐਚਓ ਅਤੇ ਚੌਕੀ ਇੰਚਾਰਜ ਨੂੰ ਰਿਸ਼ਵਤ ਦੇ ਕੇ ਇਕ ਕੇਸ ‘ਚੋਂ ਛੱਡਣ ਦਾ ਭੇਤ ਖੋਲ੍ਹ ਦਿੱਤਾ।

ਮੁਲਜ਼ਮ ਦਾ ਨਾਂ ਗੁਜਰਾਲ ਸਿੰਘ ਉਰਫ ਜੋਗਾ ਵਾਸੀ ਪਿੰਡ ਬੂਟ ਥਾਣਾ ਸੁਭਾਨਪੁਰ ਹੈ। ਜਾਂਚ ਦੌਰਾਨ ਗੁਜਰਾਲ ਦੇ ਕਹਿਣ ‘ਤੇ ਅਮਨਦੀਪ ਸਿੰਘ ਉਰਫ਼ ਅਮਨਾ ਵਾਸੀ ਠੱਠਾ ਥਾਣਾ ਸਰਹਾਲੀ ਤਰਨਤਾਰਨ ਅਤੇ ਜੋਗਿੰਦਰ ਸਿੰਘ ਉਰਫ਼ ਭਾਈ ਵਾਸੀ ਪਿੰਡ ਬੂਟ ਥਾਣਾ ਸੁਭਾਨਪੁਰ ਨੂੰ ਨਾਮਜ਼ਦ ਕਰਕੇ ਪ੍ਰੋਡਕਸ਼ਨ ਵਾਰੰਟ ‘ਤੇ ਰਿਮਾਂਡ ‘ਤੇ ਲਿਆ ਗਿਆ ਹੈ।

ਉਥੇ ਹੀ ਐਸ.ਐਸ.ਪੀ. ਕਪੂਰਥਲਾ ਰਾਜਪਾਲ ਸਿੰਘ ਸੰਧੂ ਵੱਲੋਂ ਇਸ ਮਾਮਲੇ ਵਿਚ ਸਖਤ ਕਾਰਵਾਈ ਕਰਦਿਆਂ ਜਿਥੇ ਪੁਲਿਸ ਪਾਰਟੀਆਂ ਵਲੋਂ ਏ.ਐਸ.ਆਈ. ਨੂੰ ਛਾਪੇਮਾਰੀ ਦੌਰਾਨ ਗ੍ਰਿਫਤਾਰ ਕਰ ਲਿਆ ਗਿਆ ਹੈ, ਉਥੇ ਹੀ ਸਬ-ਇੰਸਪੈਕਟਰ ਵਿਰੁੱਧ ਲੁੱਕ ਆਊਟ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ।

ਪੁੱਛਗਿੱਛ ਦੌਰਾਨ ਗੁਜਰਾਲ ਸਿੰਘ ਉਰਫ ਜੋਗਾ ਅਤੇ ਜੋਗਿੰਦਰ ਸਿੰਘ ਉਰਫ ਭਾਈ ਨੇ ਦੱਸਿਆ ਕਿ 12 ਮਾਰਚ 2023 ਨੂੰ ਚੌਕੀ ਬਾਦਸ਼ਾਹਪੁਰ ਜ਼ਿਲ੍ਹਾ ਕਪੂਰਥਲਾ ਦੀ ਪੁਲਿਸ ਨੇ ਗੁਜਰਾਲ ਸਿੰਘ ਉਰਫ ਜੋਗਾ ਨੂੰ ਗ੍ਰਿਫਤਾਰ ਕੀਤਾ ਸੀ। ਉਸ ਸਮੇਂ ਐਸਆਈ ਹਰਜੀਤ ਸਿੰਘ ਉਥੇ ਆ ਗਿਆ, ਜੋ ਹੁਣ ਥਾਣਾ ਕੋਤਵਾਲੀ ਵਿਚ ਤਾਇਨਾਤ ਸੀ। ਜੋਗਾ 11 ਫਰਵਰੀ 2022 ਨੂੰ ਸੁਲਤਾਨਪੁਰ ਲੋਧੀ ਥਾਣੇ ਵਿਚ ਦਰਜ ਐਨਡੀਪੀਐਸ ਐਕਟ ਦੇ ਕੇਸ ਵਿਚ ਲੋੜੀਂਦਾ ਸੀ।

ਦੂਜੇ ਪਾਸੇ ਇਸ ਮਾਮਲੇ ਦੇ ਖੁਲਾਸੇ ਤੋਂ ਬਾਅਦ ਜਲੰਧਰ ਦਿਹਾਤੀ ਪੁਲਿਸ ਨੇ ਐਸ.ਐਸ.ਪੀ ਕਪੂਰਥਲਾ ਨੂੰ ਸੂਚਿਤ ਕੀਤਾ ਤਾਂ ਐਸ.ਐਸ.ਪੀ ਨੇ ਖੁਦ ਕਮਾਨ ਸੰਭਾਲਦੇ ਹੋਏ ਮਾਮਲੇ ਦੀ ਤਫਤੀਸ਼ ਦੌਰਾਨ ਦੋਵੇਂ ਮੁਲਜ਼ਮਾਂ ਨੂੰ ਐਸ.ਐਚ.ਓ ਐਸ.ਆਈ ਹਰਜੀਤ ਸਿੰਘ, ਤਤਕਾਲੀ ਚੌਕੀ ਬਾਦਸ਼ਾਹਪੁਰ ਦੇ ਇੰਚਾਰਜ ਪਰਮਜੀਤ ਸਿੰਘ ਅਤੇ ਪਿੰਡ ਬੂਟ ਦੇ ਸਰਪੰਚ ਦੇ ਭਰਾ ਓਮਕਾਰ ਸਿੰਘ ਖਿਲਾਫ ਥਾਣਾ ਸੁਭਾਨਪੁਰ ਵਿੱਚ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7, ਆਈਪੀਸੀ ਦੀ ਧਾਰਾ 222 ਅਤੇ 120 ਬੀ ਤਹਿਤ ਕੇਸ ਦਰਜ ਕਰਵਾਇਆ।

(Note : ਖਬਰਾਂ ਦੇ ਅਪਡੇਟਸ ਸਿੱਧਾ ਆਪਣੇ ਵਟਸਐਪ ‘ਤੇ ਮੰਗਵਾਓ। ਸਭ ਤੋਂ ਪਹਿਲਾਂ ਸਾਡੇ ਨੰਬਰ 97687-90001 ਨੂੰ ਆਪਣੇ ਮੋਬਾਇਲ ‘ਚ ਸੇਵ ਕਰੋ। ਇਸ ਤੋਂ ਬਾਅਦ ਇਸ ਲਿੰਕ  ‘ਤੇ ਕਲਿੱਕ ਕਰਕੇ ਗਰੁੱਪ ਨਾਲ ਜੁੜੋ। ਪੰਜਾਬ ਦਾ ਹਰ ਜ਼ਰੂਰੀ ਅਪਡੇਟ ਆਵੇਗਾ ਸਿੱਧਾ ਤੁਹਾਡੇ ਮੋਬਾਇਲ ‘ਤੇ)